ਯੂਥ ਕਾਂਗਰਸੀਆਂ ਦੀ ਰਿਹਾਈ ਲੋਕਤੰਤਰ ਦੀ ਜਿੱਤ : ਮਿਨਹਾਸ/ਸਮਿਆਲ
ਯੂਥ ਕਾਂਗਰਸੀਆਂ ਦੀ ਰਿਹਾਈ ਲੋਕਤੰਤਰ ਦੀ ਜਿੱਤ - ਮਿਨਹਾਸ / ਸਮਿਆਲ
Publish Date: Fri, 06 Mar 2026 04:40 PM (IST)
Updated Date: Sat, 07 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਅਤੇ ਉਨ੍ਹਾਂ ਦੇ ਸਾਥੀਆਂ ਦੀ ਜੇਲ੍ਹ ਤੋਂ ਹੋਈ ਰਿਹਾਈ ਦਾ ਕਾਂਗਰਸ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਮਿਨਹਾਸ ਅਤੇ ਸਾਬਕਾ ਯੂਥ ਪ੍ਰਧਾਨ ਹਲਕਾ ਮੁਕੇਰੀਆਂ ਤੇ ਜ਼ਿਲ੍ਹਾ ਮੀਤ ਪ੍ਰਧਾਨ ਸਚਿਨ ਸਮਿਆਲ ਨੇ ਇਸ ਫ਼ੈਸਲੇ ਨੂੰ ਲੋਕਤੰਤਰ ਅਤੇ ਸੰਵਿਧਾਨਕ ਅਧਿਕਾਰਾਂ ਦੀ ਜਿੱਤ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਸਭ ਲੋਕਾਂ ਲਈ ਖਾਸ ਹੈ ਜੋ ਦੇਸ਼ ਦੀ ਸੰਸਦੀ ਪ੍ਰਣਾਲੀ ਅਤੇ ਲੋਕਤੰਤਰਕ ਮੁੱਲਾਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਵੱਲੋਂ ਉਦੈ ਭਾਨੂ ਚਿੱਬ ਅਤੇ ਹੋਰ ਯੂਥ ਕਾਂਗਰਸ ਆਗੂਆਂ ਨੂੰ ਰਾਜਨੀਤਿਕ ਸਾਜ਼ਿਸ਼ ਤਹਿਤ ਫਸਾਇਆ ਗਿਆ ਸੀ, ਪਰ ਨਿਆਂਪਾਲਿਕਾ ਦੇ ਤਾਜ਼ਾ ਫ਼ੈਸਲੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਦੇਸ਼ ਦੀ ਕਾਨੂੰਨੀ ਪ੍ਰਣਾਲੀ ਅਜੇ ਵੀ ਮਜ਼ਬੂਤ ਹੈ ਅਤੇ ਲੋਕਾਂ ਦਾ ਭਰੋਸਾ ਇਸ ‘ਤੇ ਕਾਇਮ ਹੈ। ਤਰਸੇਮ ਮਿਨਹਾਸ ਅਤੇ ਸਚਿਨ ਸਮਿਆਲ ਨੇ ਕਿਹਾ ਕਿ ਅਮਰੀਕਾ ਨਾਲ ਕੀਤਾ ਗਿਆ ਵਪਾਰ ਸਮਝੌਤਾ ਦੇਸ਼ ਦੇ ਹਿੱਤਾਂ ਦੇ ਖਿਲਾਫ਼ ਹੈ। ਇਸ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ ਅਤੇ ਕੱਪੜਾ ਉਦਯੋਗ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਸਮਝੌਤੇ ਰਾਹੀਂ ਭਾਰਤ ਦਾ ਮਹੱਤਵਪੂਰਨ ਡਾਟਾ ਅਮਰੀਕਾ ਨੂੰ ਸੌਂਪਣ ਦਾ ਖ਼ਤਰਾ ਵੀ ਬਣਦਾ ਹੈ। ਇਨ੍ਹਾਂ ਮਸਲਿਆਂ ਨੂੰ ਦੇਸ਼ ਦੇ ਸਾਹਮਣੇ ਰੱਖਣ ਅਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਕਰ ਕੇ ਹੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਅਤੇ ਹੋਰ ਆਈਵਾਈਸੀ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਗੂਆਂ ਨੇ ਇਸ ਗ੍ਰਿਫ਼ਤਾਰੀ ਨੂੰ ਸਰਕਾਰ ਦੀ ਤਾਨਾਸ਼ਾਹੀ ਅਤੇ ਕਾਇਰਤਾ ਦਾ ਪ੍ਰਗਟਾਵਾ ਕਰਾਰ ਦਿੱਤਾ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਹਾਜੀਪੁਰ ਕੁਲਭੂਸ਼ਣ ਸੋਹਲ, ਕਸ਼ਮੀਰ ਸਿੰਘ, ਸ਼ੁਭਮ ਸੋਹਲ, ਬੱਬੀ ਘਸੀਟਪੁਰ ਸਮੇਤ ਹੋਰ ਕਈ ਆਗੂਆਂ ਨੇ ਕਿਹਾ ਕਿ ਯੂਥ ਕਾਂਗਰਸ ਹਮੇਸ਼ਾ ਲੋਕਤੰਤਰਕ ਮੁੱਲਾਂ ਅਤੇ ਜਨਤਾ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।