ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 17 ਵਿਅਕਤੀ ਗ੍ਰਿਫਤਾਰ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 17 ਵਿਅਕਤੀ ਗ੍ਰਿਫਤਾਰ
Publish Date: Thu, 05 Mar 2026 08:06 PM (IST)
Updated Date: Fri, 06 Mar 2026 04:15 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਅਧੀਨ 17 ਵਿਅਕਤੀਆਂ ਨੂੰ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਹੈਰੋਇਨ, ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਅਤੇ ਨਸ਼ਾ ਕਰਨ ਦਾ ਸਾਮਾਨ ਬਰਾਮਦ ਹੋਇਆ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 18 ਗ੍ਰਾਮ ਹੈਰੋਇਨ ਬਰਾਮਦ: ਏਐੱਸਆਈ ਗੁਲਸ਼ਨ ਮੁਹੰਮਦ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਢਾਡਾ ਖੁਰਦ ਤੋਂ ਤਰਸੇਮ ਸਿੰਘ ਉਰਫ ਗਰਦਾਵਰ ਵਾਸੀ ਪਿੰਡ ਢਾਡਾ ਖੁਰਦ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਉਸ ਦੇ ਕੁੜਤੇ ਦੀ ਜੇਬ ਵਿੱਚੋਂ 18 ਗ੍ਰਾਮ ਹੈਰੋਇਨ ਨੁਮਾ ਪਦਾਰਥ ਅਤੇ 97,100 ਰੁਪਏ ਦੀ ਡਰੱਗ ਮਨੀ ਕਥਿਤ ਤੌਰ ਤੇ ਬਰਾਮਦ ਹੋਈ ਹੈ। 60 ਨਸ਼ੀਲੀਆਂ ਗੋਲੀਆਂ: ਇੱਕ ਹੋਰ ਮਾਮਲੇ ਵਿੱਚ ਏਐੱਸਆਈ ਸਤਨਾਮ ਸਿੰਘ ਨੇ ਪਿੰਡ ਨਰਿਆਲਾ ਕੋਲੋਂ ਮੁਹੰਮਦ ਫਾਰੂਕ ਅਹਿਮਦ ਉਰਫ ਬੋਤੂ (ਵਾਸੀ ਜੰਮੂ-ਕਸ਼ਮੀਰ, ਹਾਲ ਵਾਸੀ ਹਕੂਮਤਪੁਰ) ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਪੁਲਿਸ ਨੂੰ ਦੇਖ ਕੇ ਇੱਕ ਲਿਫਾਫਾ ਸੁੱਟਿਆ ਸੀ, ਜਿਸ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਹੋਰ ਗ੍ਰਿਫਤਾਰੀਆਂ: ਪੁਲਿਸ ਨੇ ਤਾਲਿਬ ਹੁਸੈਨ ਵਾਸੀ ਹਕੂਮਤਪੁਰ ਅਤੇ ਰਾਜਨ ਚਾਵਲਾ ਉਰਫ ਰਾਜੂ ਵਾਸੀ ਨਵਾਂਸ਼ਹਿਰ ਨੂੰ ਵੀ ਕਾਬੂ ਕੀਤਾ। ਪੁਲਿਸ ਅਨੁਸਾਰ ਇਹਨਾਂ ਕੋਲੋਂ ਕਥਿਤ ਤੌਰ ਤੇ ਲਾਈਟਰ, ਸਿਲਵਰ ਪੰਨੀ ਅਤੇ ਨਸ਼ੇ ਦੇ ਧੂੰਏਂ ਨੂੰ ਖਿੱਚਣ ਲਈ ਵਰਤੇ ਜਾਂਦੇ ਰੋਲ ਕੀਤੇ ਹੋਏ ਨੋਟ ਬਰਾਮਦ ਹੋਏ ਹਨ। ਬਾਕਸ--- ਥਾਣਾ ਦਸੂਹਾ: ਨਸ਼ੀਲੀਆਂ ਗੋਲੀਆਂ ਸਮੇਤ 3 ਗ੍ਰਿਫਤਾਰ ਦਸੂਹਾ ਪੁਲਿਸ ਨੇ ਵੇਰਕਾ ਪਲਾਂਟ ਨੇੜੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਏਐੱਸਆਈ ਅਨਿਲ ਕੁਮਾਰ ਦੀ ਟੀਮ ਨੇ ਸੁਖਵਿੰਦਰ ਸਿੰਘ ਉਰਫ ਬੋਨੀ ਵਾਸੀ ਬਾਲਾ ਕੁਲੀਆ ਨੂੰ 52 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਐੱਸਆਈ ਬਲਵੀਰ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਮਾਗਟਾ ਅਤੇ ਰਜਨੀ ਵਾਸੀ ਮੱਲ ਮਜਾਰਾ (ਚੱਬੇਵਾਲ) ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਗੁਰਪ੍ਰੀਤ ਕੋਲੋਂ 53 ਅਤੇ ਰਜਨੀ ਕੋਲੋਂ 20 ਨਸ਼ੀਲੀਆਂ ਗੋਲੀਆਂ ਕਥਿਤ ਤੌਰ ਤੇ ਬਰਾਮਦ ਕੀਤੀਆਂ ਗਈਆਂ ਹਨ। ਬਾਕਸ-- ਥਾਣਾ ਸਿਟੀ ਅਤੇ ਫੋਕਲ ਪੁਆਇੰਟ: 3 ਗ੍ਰਿਫਤਾਰ ਥਾਣਾ ਸਿਟੀ: ਐੱਸਆਈ ਰਾਕੇਸ਼ ਕੁਮਾਰ ਦੀ ਟੀਮ ਨੇ ਊਨਾ ਰੋਡ ਨੇੜੇ ਐਕਟਿਵਾ ਸਵਾਰ ਸਾਹਿਲ ਕੁਮਾਰ ਅਤੇ ਜਸਪ੍ਰੀਤ ਖੱਤਨ ਉਰਫ ਗੰਡਾਸਾ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਸਾਹਿਲ ਕੋਲੋਂ 85 ਅਤੇ ਜਸਪ੍ਰੀਤ ਕੋਲੋਂ 80 ਨਸ਼ੀਲੀਆਂ ਗੋਲੀਆਂ ਕਥਿਤ ਤੌਰ ਤੇ ਬਰਾਮਦ ਹੋਈਆਂ ਹਨ। ਏਐੱਸਆਈ ਦੀਪਕ ਕੁਮਾਰ ਨੇ ਰਾਮ ਨਗਰ ਇਲਾਕੇ ਤੋਂ ਬਿਕਰਮਜੀਤ ਉਰਫ ਵਿੱਕੀ ਨੂੰ ਨਸ਼ਾ ਕਰਦੇ ਸਮੇਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਬਾਕਸ-- ਥਾਣਾ ਮੇਹਟੀਆਣਾ: ਨਸ਼ੀਲੀਆਂ ਗੋਲੀਆਂ ਅਤੇ ਫੁਆਇਲ ਪੇਪਰ ਸਮੇਤ 4 ਕਾਬੂ ਪੁਲਿਸ ਨੇ ਪਿੰਡ ਖਨੌੜਾ ਦੇ ਗਰਾਊਂਡ ਨੇੜਿਓਂ ਕੁਲਦੀਪ ਸਿੰਘ ਵਾਸੀ ਮੁਖਲਿਆਣਾ ਨੂੰ 70 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਦੋ ਹੋਰ ਮਾਮਲਿਆਂ ਵਿੱਚ ਗੁਰਪ੍ਰੀਤ ਸਿੰਘ ਵਾਸੀ ਭੂੰਗਰਨੀ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਮਨਪ੍ਰੀਤ ਮੰਡਾਲਾ ਨੂੰ ਕਥਿਤ ਤੌਰ ਤੇ ਸਿਲਵਰ ਪੰਨੀ ਅਤੇ ਲਾਈਟਰ ਨਾਲ ਨਸ਼ਾ ਕਰਦਿਆਂ ਕਾਬੂ ਕੀਤਾ ਗਿਆ। ਬਾਕਸ-- ਡੋਪ ਟੈਸਟ ਪਾਜ਼ੇਟਿਵ ਆਉਣ ਤੇ ਮਾਮਲੇ ਦਰਜ ਥਾਣਾ ਸਦਰ: ਲੇਡੀ ਏ.ਐਸ.ਆਈ. ਬਲਵਿੰਦਰ ਕੌਰ ਨੇ ਮੁਖ਼ਬਰੀ ਦੇ ਆਧਾਰ ਤੇ ਗੁਰਜੀਤ ਸਿੰਘ ਉਰਫ ਬਿੱਲਾ ਨੂੰ ਅੱਡਾ ਬਜਵਾੜਾ ਤੋਂ ਕਾਬੂ ਕੀਤਾ। ਡਾਕਟਰੀ ਜਾਂਚ ਦੌਰਾਨ ਮੁਲਜ਼ਮ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਗੜ੍ਹਦੀਵਾਲਾ ਪੁਲਿਸ ਨੇ ਹਰਜੀਤ ਸਿੰਘ ਵਾਸੀ ਰੂਪੋਵਾਲ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ, ਜਿਸ ਦਾ ਡੋਪ ਟੈਸਟ ਪਾਜ਼ੇਟਿਵ ਆਇਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਉਰਫ ਰਾਜਾ ਨੂੰ 36 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ।