ਹੋਲੀ ਅਤੇ ਹੋਲਾ-ਮਹੱਲਾ ਮੌਕੇ ਹੁੱਲੜਬਾਜ਼ਾਂ ਦੇ ਵੱਡੀ ਗਿਣਤੀ ’ਚ ਕੱਟੇ ਚਲਾਨ
ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਦੀ ਸਖ਼ਤੀ: ਹੋਲੀ ਅਤੇ ਹੋਲਾ-ਮਹੱਲਾ ਮੌਕੇ ਹੁੱਲੜਬਾਜ਼ਾਂ ਦੇ ਵੱਡੀ ਗਿਣਤੀ 'ਚ ਕੱਟੇ ਚਲਾਨ
Publish Date: Thu, 05 Mar 2026 07:47 PM (IST)
Updated Date: Fri, 06 Mar 2026 04:12 AM (IST)

ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਦੀ ਸਖ਼ਤੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੋਲੀ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲਾ-ਮਹੱਲਾ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਵੱਲੋਂ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਹੈ। ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਅਨਸਰਾਂ ਤੇ ਨੱਥ ਪਾਉਣ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਗਏ ਹਨ। ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੋਲਾ-ਮਹੱਲਾ ਸਬੰਧੀ ਹੁਸ਼ਿਆਰਪੁਰ ਅਤੇ ਬਾਹਰਲੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹੁਸ਼ਿਆਰਪੁਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਹਨ। ਇਸ ਦੌਰਾਨ ਕੁਝ ਲੋਕ ਟਰੈਕਟਰ-ਟਰਾਲੀਆਂ ਉੱਤੇ ਵੱਡੇ ਸਪੀਕਰ ਲਾ ਕੇ ਤੇ ਸ਼ੋਰ-ਸ਼ਰਾਬਾ ਕਰ ਕੇ ਹੁੱਲੜਬਾਜ਼ੀ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਵੱਲੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨਾ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਈ ਵਾਹਨਾਂ ਦੇ ਚਲਾਨ ਕੱਟੇ ਹਨ। ਇਸੇ ਦੌਰਾਨ ਇੱਕ ਬਿਨਾਂ ਨੰਬਰ ਪਲੇਟ ਮੋਟਰਸਾਈਕਲ ਵੀ ਕਾਬੂ ਕੀਤਾ ਗਿਆ, ਜਿਸ ਦੇ ਅੱਗੇਲੇ ਟਾਇਰ ਦੇ ਨਾਲ ਲੋਹੇ ਦੀ ਪੱਤੀ ਨਾਲ ਏਕੇ-47 ਰਾਈਫ਼ਲ ਦੀ ਆਕ੍ਰਿਤੀ ਬਣਾਈ ਹੋਈ ਸੀ ਤੇ ਵੱਡੇ ਹਾਰਨ ਭੀ ਲਗਾਏ ਹੋਏ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਮੋਟਰਸਾਈਕਲ ਚਾਲਕ ਵੈਲਡਿੰਗ ਦਾ ਕੰਮ ਕਰਦਾ ਹੈ ਅਤੇ ਉਸ ਨੇ ਖੁਦ ਇਹ ਆਕ੍ਰਿਤੀ ਤਿਆਰ ਕਰਕੇ ਲਗਾਈ ਸੀ। ਪੁਲਿਸ ਵੱਲੋਂ ਮੋਟਰਸਾਈਕਲ ਨੂੰ ਜ਼ਬਤ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਭ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਹਥਿਆਰਾਂ ਦੀ ਨੁਮਾਇਸ਼ ਜਾਂ ਪ੍ਰਚਾਰ ਕਰਨ ਨਾਲ ਖ਼ਾਸ ਕਰਕੇ ਯੁਵਾ ਪੀੜੀ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਹਥਿਆਰਾਂ ਨੂੰ ਪ੍ਰਮੋਟ ਕਰਨਾ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਗੈਰ-ਜ਼ਿੰਮੇਵਾਰਾਨਾ ਹਰਕਤਾਂ ਤੋਂ ਦੂਰ ਰਹਿਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।