ਕਿਸਾਨ ਦੀ ਸ਼ੈੱਡ 'ਚੋਂ ਮੱਝ, ਗਾਂ ਸਮੇਤ 4 ਪਸ਼ੂ ਚੋਰੀ
ਪਿੰਡ ਧੌਲਾ ਖੇੜਾ ਦੇ ਕਿਸਾਨ ਦੀ ਸ਼ੈੱਡ 'ਚੋਂ ਮੱਝ, ਗਾਂ ਸਮੇਤ ਚਾਰ ਪਸ਼ੂ ਚੋਰੀ
Publish Date: Thu, 05 Mar 2026 07:23 PM (IST)
Updated Date: Fri, 06 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਨੇੜਲੇ ਪਿੰਡ ਧੌਲਾ ਖੇੜਾ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਬਣੇ ਪਸ਼ੂਆਂ ਦੇ ਸ਼ੈੱਡ ਚੋਂ ਰਾਤ ਸਮੇਂ ਪਸ਼ੂ ਚੋਰੀ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨਾਲ ਇਲਾਕੇ ਦੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਭਵਾਨੀ ਸਿੰਘ ਪੁੱਤਰ ਬਿਹਾਰੀ ਲਾਲ ਵਾਸੀ ਪਿੰਡ ਧੌਲਾ ਖੇੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਵੱਖਰਾ ਸ਼ੈੱਡ ਬਣਾਇਆ ਹੋਇਆ ਹੈ, ਜਿੱਥੇ ਉਹ ਆਪਣੇ ਪਸ਼ੂ ਬੰਨ੍ਹਦੇ ਹਨ। ਉਨ੍ਹਾਂ ਦੱਸਿਆ ਕਿ 4 ਅਤੇ 5 ਮਾਰਚ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਵਾੜੇ ਵਿੱਚੋਂ ਇੱਕ ਮੱਝ, ਇੱਕ ਗਾਂ, ਇੱਕ ਝੋਟੀ ਅਤੇ ਇੱਕ ਕੱਟੀ ਚੋਰੀ ਕਰ ਕੇ ਲੈ ਗਏ। ਭਵਾਨੀ ਸਿੰਘ ਦੇ ਅਨੁਸਾਰ ਪਸ਼ੂਆਂ ਦੇ ਵਾੜੇ ਦੇ ਨੇੜੇ ਤਿੰਨ ਖੇਤ ਮਜ਼ਦੂਰ ਵੀ ਰਾਤ ਸਮੇਂ ਸੁੱਤੇ ਹੋਏ ਸਨ ਤੇ ਰਾਤ ਕਰੀਬ ਢਾਈ ਵਜੇ ਜਦੋਂ ਉਨ੍ਹਾਂ ਨੇ ਵਾੜੇ ਵੱਲ ਧਿਆਨ ਦਿੱਤਾ ਤਾਂ ਪਸ਼ੂ ਸ਼ੈੱਡ ਵਿੱਚ ਡੰਗਰ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਮਜ਼ਦੂਰਾਂ ਨੇ ਤੁਰੰਤ ਭਵਾਨੀ ਸਿੰਘ ਨੂੰ ਘਟਨਾ ਸੰਬੰਧੀ ਸੂਚਿਤ ਕੀਤਾ। ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕੇ ਵਿੱਚ ਪੁੱਛਗਿੱਛ ਕੀਤੀ ਗਈ ਅਤੇ ਕੁੱਝ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਗਈ। ਇਸ ਦੌਰਾਨ ਪਤਾ ਲੱਗਿਆ ਕਿ ਚੋਰ ਇੱਕ ਗੱਡੀ ਰਾਹੀਂ ਆਏ ਸਨ ਤੇ ਅੰਦਾਜੇ ਮੁਤਾਬਕ ਚੋਰ ਨੇੜਲੇ ਪਿੰਡ ਨੰਗਲ ਅਵਾਣਾ ਦੀ ਹੱਦਬੰਦੀ ਨੇੜੇ ਪਸ਼ੂਆਂ ਨੂੰ ਬਲੈਰੋ ਪਿਕਅੱਪ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਥਾਣਾ ਮੁਕੇਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਰਾਜੇਸ਼ਵਰ ਚੌਹਾਨ, ਵਿਜੇ ਸਿੰਘ, ਰਿੰਕੂ, ਲਾਟੀ ਤੇ ਰਾਜਿੰਦਰ ਸਿੰਘ ਵੀ ਹਾਜ਼ਰ ਸਨ।