ਮੁਕੇਰੀਆਂ-ਹਾਜੀਪੁਰ ਖੇਤਰ ਦੇ ਕਰੈੱਸ਼ਰ ਪਿਛਲੀਆਂ ਸਰਕਾਰਾਂ ਦੀ ਦੇਣ : ਪ੍ਰੋ. ਮੁਲਤਾਨੀ
ਮੁਕੇਰੀਆਂ-ਹਾਜੀਪੁਰ ਖੇਤਰ ਦੇ ਕਰੈੱਸ਼ਰ ਪਿਛਲੀਆਂ ਸਰਕਾਰਾਂ ਦੀ ਦੇਣ : ਪ੍ਰੋ. ਜੀਐੱਸ ਮੁਲਤਾਨੀ
Publish Date: Thu, 05 Mar 2026 07:19 PM (IST)
Updated Date: Fri, 06 Mar 2026 04:09 AM (IST)

ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਲੋਕਾਂ ਦੀ ਮਸ਼ੀਨਰੀ ਜ਼ਬਤ ਕਰ ਕੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਦਾਅਵਾ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਬਲਾਕ ਮੁਕੇਰੀਆਂ ਅਤੇ ਹਾਜੀਪੁਰ ਅੰਦਰ ਲੱਗੇ ਸਾਰੇ ਕਰੈੱਸ਼ਰ ਪਿਛਲੀਆਂ ਸਰਕਾਰਾਂ ਦੀ ਦੇਣ ਹਨ ਅਤੇ ਇਸ ਖੇਤਰ ਵਿੱਚ ਪਿਛਲੇ 25 ਸਾਲਾਂ ਦੌਰਾਨ ਹੋਈ ਗੈਰ-ਕਾਨੂੰਨੀ ਮਾਈਨਿੰਗ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਸਮੇਂ ਤਤਕਾਲੀਨ ਸੱਤਾਧਾਰੀਆਂ ਦੀ ਪੁਸ਼ਤ-ਪਨਾਹੀ ਹੇਠ ਹੀ ਹੋਈ ਹੈ। ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਹੈ, ਉਦੋਂ ਤੋਂ ਹੀ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਗਈ ਤੇ ਸਮੇਂ-ਸਮੇਂ ਮਾਈਨਿੰਗ ਮਾਫ਼ੀਆ ਵਿਰੁੱਧ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ। ਪ੍ਰੋ. ਮੁਲਤਾਨੀ ਨੇ ਪੁਲਿਸ ਐੱਫਆਈਆਰ ਦੀਆਂ ਕਾਪੀਆਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਹੰਦਵਾਲ ਨੇੜੇ ਗੈਰਕਾਨੂੰਨੀ ਮਾਈਨਿੰਗ ਕਰਕੇ ਸਰਕਾਰੀ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਇਸ ਸੰਬੰਧੀ ਐੱਫਆਈਆਰ ਦਰਜ ਕਰਨ ਉਪਰੰਤ ਕਰੀਬ 30 ਲੱਖ ਰੁਪਏ ਦੀ ਰਿਕਵਰੀ ਵੀ ਪਾਈ ਗਈ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ਮਾਈਨਿੰਗ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪਿੰਡ ਚੱਕਵਾਲ ਨੇੜੇ ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਲੋਕਾਂ ਦੀ ਮਸ਼ੀਨਰੀ ਜ਼ਬਤ ਕੀਤੀ ਗਈ ਅਤੇ ਕੁੱਝ ਵਿਅਕਤੀਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ। ਪ੍ਰੋ. ਮੁਲਤਾਨੀ ਨੇ ਦਾਅਵਾ ਕੀਤਾ ਕਿ ਸਰਕਾਰ ਗੈਰਕਾਨੂੰਨੀ ਮਾਈਨਿੰਗ ਦੇ ਬਿਲਕੁਲ ਖ਼ਿਲਾਫ਼ ਹੈ ਅਤੇ ਹਰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ੍ਹ ਹੁਣ ਸਿਆਸਤ ਕਰਨ ਲਈ ਕੋਈ ਮੁੱਦਾ ਨਹੀਂ ਬਚਿਆ, ਇਸ ਲਈ ਬੇਬੁਨਿਆਦ ਅਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਕੇ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਹਲਕੇ ਦੀ ਜਨਤਾ ਸੁਚੇਤ ਹੈ ਅਤੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹਨ। ਆਮ ਆਦਮੀ ਪਾਰਟੀ ਆਪਣੇ ਵਿਕਾਸਮੁੱਖੀ ਕੰਮਾਂ ਦੇ ਆਧਾਰ ’ਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਅੰਦਰ ਵੱਡੇ ਬਹੁਮਤ ਨਾਲ ਸਰਕਾਰ ਬਣੇਗੀ।