ਵਾਹਨ ਦਾਖ਼ਲਾ ਫ਼ੀਸ ਵਾਧੇ ਦਾ ਕੀਤਾ ਤਿੱਖਾ ਵਿਰੋਧ
ਰਾਜਪੂਤ ਸਭਾ ਸ਼ਹਿਰੀ ਨੇ ਵਾਹਨ ਦਾਖ਼ਲਾ ਫ਼ੀਸ ਵਾਧੇ ਦਾ ਕੀਤਾ ਤਿੱਖਾ ਵਿਰੋਧ
Publish Date: Thu, 05 Mar 2026 06:26 PM (IST)
Updated Date: Fri, 06 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਰਾਜਪੂਤ ਸਭਾ ਸ਼ਹਿਰੀ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵੰਤ ਸਿੰਘ ਮਨਹਾਸ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਖਿੱਚੀਆਂ ਰੋਡ ਮੁਕੇਰੀਆਂ ਵਿਖੇ ਕਰਵਾਈ ਗਈ। ਮੀਟਿੰਗ ਵਿੱਚ ਸਮਾਜਿਕ, ਧਾਰਮਿਕ ਅਤੇ ਲੋਕਹਿੱਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿੱਥੇ ਮੁੱਖ ਤੌਰ ’ਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਾਹਰੀ ਵਾਹਨਾਂ ਲਈ ਵਧਾਈ ਗਈ ਦਾਖ਼ਲਾ ਫ਼ੀਸ ਦੇ ਮਾਮਲੇ ’ਤੇ ਗੰਭੀਰ ਚਰਚਾ ਹੋਈ। ਮੀਟਿੰਗ ਦੌਰਾਨ ਪ੍ਰਧਾਨ ਬਲਵੰਤ ਸਿੰਘ ਮਨਹਾਸ ਨੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ 1 ਅਪ੍ਰੈਲ 2026 ਤੋਂ ਬਾਹਰੀ ਰਾਜਾਂ ਦੇ ਵਾਹਨਾਂ ਲਈ ਲਾਗੂ ਕੀਤੀ ਜਾ ਰਹੀ ਵਧੀ ਹੋਈ ਦਾਖ਼ਲਾ ਫ਼ੀਸ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਆਮ ਲੋਕਾਂ, ਸੈਲਾਨੀਆਂ ਅਤੇ ਧਾਰਮਿਕ ਸ਼ਰਧਾਲੂਆਂ ਨਾਲ ਨਾਇਨਸਾਫ਼ੀ ਹੈ। ਨਿੱਜੀ ਵਾਹਨਾਂ ਲਈ ਦਾਖ਼ਲਾ ਫ਼ੀਸ 70 ਰੁਪਏ ਤੋਂ ਵਧਾ ਕੇ 130 ਰੁਪਏ ਕਰ ਦਿੱਤੀ ਗਈ ਹੈ, ਜਦਕਿ ਛੋਟੇ ਢੋਆ-ਢੁਆਈ ਵਾਲੇ ਵਾਹਨਾਂ ਉੱਤੇ ਲਗਭਗ 170 ਰੁਪਏ ਤੱਕ ਫ਼ੀਸ ਲਾਗੂ ਕੀਤੀ ਜਾ ਰਹੀ ਹੈ, ਜੋ ਕਿ ਨਿੰਦਨਯੋਗ ਹੈ। ਇਸ ਫ਼ੈਸਲੇ ਨਾਲ ਨਾ ਸਿਰਫ਼ ਸੈਲਾਨੀ ਪ੍ਰਭਾਵਿਤ ਹੋਣਗੇ, ਸਗੋਂ ਹਿਮਾਚਲ ਦੇ ਪ੍ਰਸਿੱਧ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਕਰੋੜਾਂ ਸ਼ਰਧਾਲੂਆਂ ’ਤੇ ਵੀ ਵਾਧੂ ਆਰਥਿਕ ਬੋਝ ਪਵੇਗਾ। ਉਨ੍ਹਾਂ ਖ਼ਾਸ ਤੌਰ ’ਤੇ ਪੰਜਾਬ-ਹਿਮਾਚਲ ਦੀ ਸਰਹੱਦ ’ਤੇ ਸਥਿਤ ਪਵਿੱਤਰ ਕਾਠਗੜ੍ਹ ਮੰਦਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਕੇਰੀਆਂ ਸਮੇਤ ਨੇੜਲੇ ਇਲਾਕਿਆਂ ਤੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ-ਪੂਜਾ ਲਈ ਜਾਂਦੇ ਹਨ। ਵਧੀ ਹੋਈ ਐਂਟਰੀ ਫ਼ੀਸ ਕਾਰਨ ਹੁਣ ਉਨ੍ਹਾਂ ਨੂੰ ਭਗਵਾਨ ਸ਼ਿਵ-ਪਾਰਵਤੀ ਦੇ ਦਰਸ਼ਨਾਂ ਲਈ 130 ਰੁਪਏ ਅਦਾ ਕਰਨੇ ਪੈਣਗੇ, ਜੋ ਧਾਰਮਿਕ ਯਾਤਰਾ ਨੂੰ ਮਹਿੰਗਾ ਬਣਾਉਂਦਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਾਹਨ ਦਾਖ਼ਲਾ ਫ਼ੀਸ ਦੀਆਂ ਵਧਾਈਆਂ ਗਈਆਂ ਨਵੀਆਂ ਦਰਾਂ ਤੁਰੰਤ ਵਾਪਸ ਲਈਆਂ ਜਾਣ। ਮੀਟਿੰਗ ਵਿੱਚ ਕਰਨੈਲ ਸਿੰਘ ਮਨਹਾਸ, ਜਗਦੀਸ਼ ਸਿੰਘ ਰਾਣਾ, ਕਰਨੈਲ ਸਿੰਘ ਪਠਾਨੀਆ, ਜਨਕ ਸਿੰਘ ਡਡਵਾਲ, ਸੁਦਰਸ਼ਨ ਸਿੰਘ ਡਡਵਾਲ, ਬਲਵੰਤ ਰਾਏ ਜਮਵਾਲ, ਕੈਪਟਨ ਗੋਪਾਲ ਸਿੰਘ ਅਤੇ ਏਐਸ ਰਾਣਾ ਸਮੇਤ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।