ਮੀਲ ਪੱਥਰ ਸਾਬਤ ਹੋਵੇਗੀ ਭਾਜਪਾ ਦੀ ‘ਬਦਲਾਅ ਰੈਲੀ’ : ਸ਼ੰਭੂ ਨਾਥ ਭਾਰਤੀ
ਮੀਲ ਪੱਥਰ ਸਾਬਤ ਹੋਵੇਗੀ ਭਾਜਪਾ ਦੀ ‘ਬਦਲਾਅ ਰੈਲੀ’- ਸ਼ੰਭੂ ਨਾਥ ਭਾਰਤੀ
Publish Date: Thu, 05 Mar 2026 06:18 PM (IST)
Updated Date: Fri, 06 Mar 2026 04:09 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਭਾਜਪਾ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਬਦਲਾਅ ਰੈਲੀ’ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਰਚੇਗੀ ਅਤੇ ਇਸ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੀ ਧਰਤੀ ’ਤੇ ਵੱਡੇ ਐਲਾਨ ਕਰਦੇ ਹੋਏ ਅਗਾਮੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਨਗੇ। ਇਹ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਸ਼ੰਭੂ ਨਾਥ ਭਾਰਤੀ ਨੇ ਨੇੜਲੇ ਪਿੰਡ ਹਰਚੰਦ ਵਿਖੇ ਰੈਲੀ ਸੰਬੰਧੀ ਕਰਵਾਈ ਗਈ ਤਿਆਰੀ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਬਦਲਾਅ ਦੀ ਲਹਿਰ ਪੈਦਾ ਕਰਨ ਲਈ ਤਿਆਰ ਹੈ। ਪੰਜਾਬ ਦੇ ਲੋਕ ਮੌਜੂਦਾ ਸਮੇਂ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਕਾਰਨ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਜੀਉਣ ਲਈ ਮਜਬੂਰ ਹਨ ਤੇ ਇਸ ਸਥਿਤੀ ਵਿੱਚ ਲੋਕਾਂ ਦੀਆਂ ਉਮੀਦਾਂ ਹੁਣ ਭਾਜਪਾ ਨਾਲ ਜੁੜ ਗਈਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਦਿੱਤੀ ਜਾ ਰਹੀ ਮਜ਼ਬੂਤ, ਸਮਰੱਥ ਅਤੇ ਕੁਸ਼ਲ ਲੀਡਰਸ਼ਿਪ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਪੰਜਾਬ ਦੇ ਲੋਕ ਵੀ ਇਸ ਤਰ੍ਹਾਂ ਦੀ ਮਜ਼ਬੂਤ ਸਰਕਾਰ ਦੀ ਉਡੀਕ ਕਰ ਰਹੇ ਹਨ ਜੋ ਰਾਜ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਸਤੇ ’ਤੇ ਲੈ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਲੋਕ ਪਹਿਲਾਂ ਕਾਂਗਰਸ ਸਰਕਾਰ ਦੇ ਪੰਜ ਸਾਲ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੇਖ ਚੁੱਕੇ ਹਨ ਤੇ ਜਿੱਥੇ ਕਾਂਗਰਸ ਸਰਕਾਰ ਦੇ ਦੌਰਾਨ ਭ੍ਰਿਸ਼ਟਾਚਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਪੰਜਾਬ ਦੇ ਸਰੋਤਾਂ ਦੀ ਲੁੱਟ ਹੋਈ, ਉੱਥੇ ਮੌਜੂਦਾ ‘ਆਪ’ ਸਰਕਾਰ ਵੀ ਹਰ ਮੋਰਚੇ ’ਤੇ ਨਾਕਾਮ ਸਾਬਤ ਹੋ ਰਹੀ ਹੈ। ਸ਼ੰਭੂ ਭਾਰਤੀ ਨੇ ਰੋਸ ਪ੍ਰਗਟਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਸਰਕਾਰੀ ਕਰਮਚਾਰੀ, ਕਿਸਾਨ, ਮਜ਼ਦੂਰ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਲੋਕ ਨਿਰਾਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਤੇ ਮੋਗਾ ਵਿੱਚ ਹੋਣ ਵਾਲੀ ‘ਬਦਲਾਅ ਰੈਲੀ’ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਬਖ਼ਸ਼ੋ ਦੇਵੀ, ਠਾਕੁਰ ਹਰਜਿੰਦਰ ਸਿੰਘ, ਸੂਰਤੀ ਰਾਮ, ਠਾਕੁਰ ਯੁਵਰਾਜ ਸਿੰਘ, ਨੀਟਾ ਸਿੰਘ, ਰਾਜ ਕੁਮਾਰੀ, ਸੰਜੂ, ਕੁਲਵਿੰਦਰ ਕੌਰ, ਜੋਗਿੰਦਰ ਕੌਰ, ਬੇਬੀ, ਰੇਖਾ ਕੁਮਾਰੀ ਅਤੇ ਦਰਸ਼ਨਾ ਦੇਵੀ ਸਮੇਤ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ।