ਰੰਗਾਂ ਦੇ ਤਿਉਹਾਰ ਹੋਲੀ ’ਤੇ ਹੁਸ਼ਿਆਰਪੁਰ ‘ਚ ਮਚੀ ਧੂਮ
ਰੰਗਾਂ ਦੇ ਤਿਉਹਾਰ ਹੋਲੀ ‘ਤੇ ਹੁਸ਼ਿਆਰਪੁਰ ‘ਚ ਮਚੀ ਧੂਮ, ਬੱਚਿਆਂ ਤੋਂ ਬਜ਼ੁਰਗਾਂ ਤੱਕ ਸਭ ‘ਤੇ ਚੜ੍ਹਿਆ ਰੰਗ
Publish Date: Thu, 05 Mar 2026 06:10 PM (IST)
Updated Date: Fri, 06 Mar 2026 04:06 AM (IST)

ਬੱਚਿਆਂ ਤੋਂ ਬਜ਼ੁਰਗਾਂ ਤੱਕ ਸਭ ’ਤੇ ਚੜ੍ਹਿਆ ਰੰਗ ਹੋਲਾ ਮਹੱਲਾ ਲਈ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਰਵਾਨਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਭਰ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਇਸ ਵਾਰ ਵੀ ਖੁਸ਼ੀ, ਉਤਸ਼ਾਹ ਅਤੇ ਭਾਈਚਾਰੇ ਦੇ ਮਾਹੌਲ ਵਿੱਚ ਮਨਾਇਆ ਗਿਆ। ਸਵੇਰੇ ਤੋਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ‘ਤੇ ਹੋਲੀ ਦਾ ਰੰਗ ਚੜ੍ਹਿਆ ਨਜ਼ਰ ਆਇਆ। ਨੌਜਵਾਨ ਖਾਸ ਤੌਰ ’ਤੇ ਸਕੂਟਰਾਂ, ਮੋਟਰਸਾਈਕਲਾਂ ਅਤੇ ਪੈਦਲ ਟੋਲੀਆਂ ਵੱਜੋਂ ਬਾਜ਼ਾਰਾਂ ਵਿੱਚ ਘੁੰਮਦੇ ਨਜ਼ਰ ਆਏ। ਉਹ ਇਕ-ਦੂਜੇ ‘ਤੇ ਰੰਗ ਅਤੇ ਗੁਲਾਲ ਸੁੱਟ ਕੇ ਤਿਉਹਾਰ ਦੀ ਖੁਸ਼ੀ ਮਨਾਉਂਦੇ ਰਹੇ। ਕਈ ਥਾਵਾਂ ’ਤੇ ਨੌਜਵਾਨਾਂ ਨੇ ਗੀਤ-ਸੰਗੀਤ ‘ਤੇ ਨੱਚ ਕੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਲੋਕ ਇਕ-ਦੂਜੇ ਨੂੰ ਗਲੇ ਮਿਲ ਕੇ ਹੋਲੀ ਦੀਆਂ ਵਧਾਈਆਂ ਦਿੰਦੇ ਰਹੇ। ਇਸ ਦੌਰਾਨ ਮੰਦਿਰਾਂ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਅਤੇ ਲੋਕਾਂ ਨੇ ਦੇਸ਼ ਅਤੇ ਸਮਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਕਈ ਥਾਵਾਂ ‘ਤੇ ਫੁੱਲਾਂ ਨਾਲ ਹੋਲੀ ਵੀ ਮਨਾਈ ਗਈ। ਸਮਾਜਿਕ ਸੰਸਥਾਵਾਂ ਵੱਲੋਂ ਭਾਈਚਾਰੇ ਅਤੇ ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਤਿਉਹਾਰ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਮੁੱਖ ਚੌਰਾਹਿਆਂ ਤੇ ਬਾਜ਼ਾਰਾਂ ਵਿੱਚ ਤਾਇਨਾਤੀ ਕੀਤੀ ਗਈ ਸੀ ਤਾਂ ਜੋ ਤਿਉਹਾਰ ਸ਼ਾਂਤੀਪੂਰਵਕ ਢੰਗ ਨਾਲ ਮਨਾਇਆ ਜਾ ਸਕੇ। ਹੋਲੀ ਦੇ ਨਾਲ-ਨਾਲ ਹੋਲਾ-ਮਹੱਲਾ ਦੇ ਸਮਾਗਮਾਂ ਨੂੰ ਲੈ ਕੇ ਵੀ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਡੀ ਚਲਹਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਹੋਲਾ-ਮੁਹੱਲਾ ਦੇ ਇਤਿਹਾਸਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਰਹੀਆਂ ਹਨ। ਸਵੇਰੇ ਤੋਂ ਹੀ ਵਾਹਨਾਂ ਦੇ ਕਾਫਲੇ ਸ਼ਹਿਰ ਅਤੇ ਪਿੰਡਾਂ ਤੋਂ ਚੱਲਦੇ ਨਜ਼ਰ ਆ ਰਹੇ ਹਨ। ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ‘ਤੇ ਸਵਾਰ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਵੱਲ ਰੁਖ ਕਰਦੇ ਨਜ਼ਰ ਆਏ, ਜਿਸ ਨਾਲ ਮੁੱਖ ਸੜਕਾਂ ‘ਤੇ ਖਾਸੀ ਰੌਣਕ ਅਤੇ ਆਵਾਜਾਈ ਵਿੱਚ ਵਾਧਾ ਵੇਖਣ ਨੂੰ ਮਿਲਿਆ। ਰਸਤੇ ਵਿੱਚ ਕਈ ਥਾਵਾਂ ‘ਤੇ ਸ਼ਰਧਾਲੂਆਂ ਲਈ ਖਾਣ-ਪੀਣ ਦੀਆਂ ਵਸਤਾਂ ਦੇ ਲੰਗਰ ਵੀ ਲਾਏ ਗਏ ਸਨ। ਸੇਵਾਦਾਰਾਂ ਵੱਲੋਂ ਪਾਣੀ, ਚਾਹ, ਮਠਿਆਈਆਂ ਅਤੇ ਹੋਰ ਪ੍ਰਸਾਦ ਦੀ ਵੰਡ ਕਰ ਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਸੀ, ਜਿਸ ਨਾਲ ਧਾਰਮਿਕ ਜੋਸ਼ ਅਤੇ ਸੇਵਾ ਭਾਵਨਾ ਦਾ ਵਿਲੱਖਣ ਦ੍ਰਿਸ਼ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਰਾਹੀਂ ਗੁਜ਼ਰੇ। ਕਈ ਸ਼ਰਧਾਲੂ ਹੋਲੀ ਦੇ ਮੌਕੇ ਹਿਮਾਚਲ ਪ੍ਰਦੇਸ਼ ਦੇ ਮੈੜੀ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਮੱਥਾ ਟੇਕਣ ਤੇ ਤਿਉਹਾਰ ਮਨਾਉਣ ਲਈ ਵੀ ਰਵਾਨਾ ਹੋਏ।