ਮੋਗਾ ਰੈਲੀ ’ਚ ਅਮਿਤ ਸ਼ਾਹ ਵਰਕਰਾਂ ’ਚ ਭਰਨਗੇ ਜੋਸ਼ : ਖੰਨਾ
14 ਮਾਰਚ ਨੂੰ ਮੋਗਾ ਰੈਲੀ ਵਿੱਚ ਅਮਿਤ ਸ਼ਾਹ ਵਰਕਰਾਂ ਵਿੱਚ ਭਰਨਗੇ ਜੋਸ਼: ਅਵਿਨਾਸ਼ ਰਾਏ ਖੰਨਾ
Publish Date: Thu, 05 Mar 2026 05:56 PM (IST)
Updated Date: Fri, 06 Mar 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਹੈ ਕਿ ਭਾਜਪਾ ਵੱਲੋਂ 14 ਮਾਰਚ ਨੂੰ ਮੋਗਾ ਜ਼ਿਲ੍ਹੇ ਵਿੱਚ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰੇਗੀ। ਖੰਨਾ ਨੇ ਇਹ ਗੱਲ ਆਪਣੇ ਦਫ਼ਤਰ ਵਿੱਚ ਉਨ੍ਹਾਂ ਨੂੰ ਮਿਲਣ ਆਏ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਖਾਸਾ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ, ਅਸੁਰੱਖਿਅਤ ਮਾਹੌਲ ਤੇ ਰੁਕਿਆ ਹੋਇਆ ਵਿਕਾਸ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰੈਲੀ ਲੋਕਾਂ ਲਈ ਇੱਕ ਨਵੀਂ ਦਿਸ਼ਾ ਸਾਬਤ ਹੋਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਮਜ਼ਬੂਤ ਵਿਕਲਪ ਵਜੋਂ ਉਭਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ, ਮਜ਼ਬੂਤ ਕਾਨੂੰਨ-ਵਿਵਸਥਾ ਅਤੇ ਸਰਬਪੱਖੀ ਵਿਕਾਸ ਲਈ ਭਾਜਪਾ ਦੀ ਸਰਕਾਰ ਲਾਜ਼ਮੀ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਜਵਾਹਰ ਖੁਰਾਣਾ ਅਤੇ ਨਵਦੀਪ ਸੂਦ ਸਮੇਤ ਹੋਰ ਵਰਕਰ ਮੌਜੂਦ ਸਨ।