14 ਅਪ੍ਰੈਲ ਤੋਂ ਹੋਵੇਗੀ ਵਿਸ਼ਾਲ 'ਸ਼੍ਰੀਮਦ ਭਾਗਵਤ ਕਥਾ'
ਹੁਸ਼ਿਆਰਪੁਰ 'ਚ ਅਧਿਆਤਮਿਕ ਲਹਿਰ: 14 ਅਪ੍ਰੈਲ ਤੋਂ ਹੋਵੇਗੀ ਵਿਸ਼ਾਲ 'ਸ਼੍ਰੀਮਦ ਭਾਗਵਤ ਕਥਾ'
Publish Date: Tue, 03 Mar 2026 08:07 PM (IST)
Updated Date: Wed, 04 Mar 2026 04:14 AM (IST)

ਐੱਮਪੀ ਡਾ. ਰਾਜਕੁਮਾਰ ਚੱਬੇਵਾਲ ਤੇ ਵਿਧਾਇਕ ਡਾ. ਇਸ਼ਾਂਕ ਨੂੰ ਦਿੱਤਾ ਰਸਮੀ ਸੱਦਾ ਪੱਤਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਵਿੱਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਵਿਸ਼ਾਲ ਸ਼੍ਰੀਮਦ ਭਾਗਵਤ ਕਥਾ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸੇ ਸਿਲਸਿਲੇ ਤਹਿਤ ਸੰਸਥਾ ਦੇ ਪ੍ਰਤੀਨਿਧੀਆਂ ਵੱਲੋਂ ਹੁਸ਼ਿਆਰਪੁਰ ਦੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਪਵਿੱਤਰ ਸਮਾਗਮ ਲਈ ਸੱਦਾ ਪੱਤਰ ਭੇਟ ਕੀਤਾ ਗਿਆ। ਸੰਸਥਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸ਼੍ਰੀਮਦ ਭਾਗਵਤ ਕਥਾ 14 ਅਪ੍ਰੈਲ ਤੋਂ 20 ਅਪ੍ਰੈਲ 2026 ਤੱਕ ਰੋਸ਼ਨ ਗਰਾਊਂਡ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਜਾਵੇਗੀ। ਕਥਾ ਦਾ ਸਮਾਂ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਸੱਤ ਦਿਨਾਂ ਤੱਕ ਚੱਲਣ ਵਾਲੀ ਇਸ ਕਥਾ ਦਾ ਵਰਣਨ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਵੈਸ਼ਨਵੀ ਭਾਰਤੀ ਆਪਣੇ ਸੰਤ ਸਮੂਹ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਰਾਹੀਂ ਮਨੁੱਖਤਾ, ਭਗਤੀ ਅਤੇ ਆਧਿਆਤਮਿਕਤਾ ਦਾ ਸੰਦੇਸ਼ ਦੇਣਗੀਆਂ। ਸੱਦਾ ਸਵੀਕਾਰ ਕਰਦੇ ਹੋਏ ਡਾ. ਰਾਜਕੁਮਾਰ ਚੱਬੇਵਾਲ ਅਤੇ ਡਾ. ਇਸ਼ਾਂਕ ਕੁਮਾਰ ਨੇ ਸੰਸਥਾ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਗਵਤ ਕਥਾ ਵਰਗੇ ਧਾਰਮਿਕ ਸਮਾਗਮ ਸਮਾਜ ਵਿੱਚ ਸਕਾਰਾਤਮਕ ਸੋਚ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਦੋਵਾਂ ਜਨ ਪ੍ਰਤੀਨਿਧੀਆਂ ਨੇ ਭਰੋਸਾ ਦਿੱਤਾ ਕਿ ਉਹ ਇਸ ਆਧਿਆਤਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਅੰਮ੍ਰਿਤਮਈ ਕਥਾ ਦਾ ਲਾਭ ਉਠਾਉਣ। ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਰੋਸ਼ਨ ਗਰਾਊਂਡ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸਾਰੇ ਭਗਤ ਆਰਾਮ ਨਾਲ ਕਥਾ ਦਾ ਆਨੰਦ ਮਾਣ ਸਕਣ।