ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਓ : ਡਾ ਇਸ਼ਾਂਕ
ਯਾਦਗਰੀ ਹੋ ਨਿੱਬੜਿਆ ਸਰਕਾਰੀ ਸਕੂਲ ਭੂਨੋਂ ਦਾ ਸਲਾਨਾ ਇਨਾਮ ਵੰਡ ਸਮਾਗਮ
Publish Date: Tue, 03 Mar 2026 08:02 PM (IST)
Updated Date: Wed, 04 Mar 2026 04:12 AM (IST)

ਯਾਦਗਰੀ ਹੋ ਨਿੱਬੜਿਆ ਸਰਕਾਰੀ ਸਕੂਲ ਭੂਨੋਂ ਦਾ ਸਲਾਨਾ ਇਨਾਮ ਵੰਡ ਸਮਾਗਮ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ ਵਿਖੇ ਸਕੂਲ ਇੰਚਾਰਜ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਸਕੂਲ ਸਟਾਫ, ਗ੍ਰਾਮ ਪੰਚਾਇਤ ਭੂੰਨੋਂ ਅਤੇ ਐੱਨ.ਆਰ.ਆਈ ਐਜੂਕੇਸ਼ਨ ਸੁਸਾਇਟੀ ਭੂੰਨੋਂ ਦੇ ਸਹਿਯੋਗ ਨਾਲ ਸਲਾਨਾ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਐ.ਐਲ.ਏ ਡਾ.ਇਸ਼ਾਂਕ ਕੁਮਾਰ ਚੱਬੇਵਾਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ। ਉਸ ਤੋਂ ਬਾਅਦ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਪੰਜਵੀਂ ਜਮਾਤ ਦੀ ਵਿਦਿਆਰਥਣ ਗੁਰਜੋਤ ਕੌਰ ਵਲੋਂ ਸੋਲੋ ਡਾਂਸ ਪੇਸ਼ ਕੀਤਾ ਗਿਆ। ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਗਿੱਧਾ ਪ੍ਰੋਗਰਾਮ ਦੀ ਸਭ ਤੋਂ ਵਧੀਆ ਪੇਸ਼ਕਾਰੀ ਰਹੀ। ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਸਾਰੀਆਂ ਹੀ ਗਤੀਵਿਧੀਆਂ ਦੀ ਤਿਆਰੀ ਸਕੂਲ ਇੰਚਾਰਜ ਕਰਮਜੀਤ ਕੌਰ ਸਹੋਤਾ ਅਤੇ ਸਕੂਲ ਸਟਾਫ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਸਿੰਘ ਲੱਲੀਆ ਈਟੀਟੀ ਅਧਿਆਪਕ ਵਲੋਂ ਬਖੂਬੀ ਨਿਭਾਈ ਗਈ। ਡਾ. ਇਸ਼ਾਂਕ ਕੁਮਾਰ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਤੀਵਿਧੀਆਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਸਮਾਰੋਹ ਦੀ ਸਫਲਤਾ ਲਈ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਗਈ। ਉੱਚ ਅਧਿਕਾਰੀਆਂ ਵਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਕੂਲ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।