ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ: 7 ਵਿਅਕਤੀ ਗ੍ਰਿਫਤਾਰ
ਨਾਜਾਇਜ਼ ਮਾਈਨਿੰਗ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ: ਮੇਹਟੀਆਣਾ ਅਤੇ ਮਾਹਿਲਪੁਰ ਪੁਲਿਸ ਵੱਲੋਂ 7 ਵਿਅਕਤੀ ਗ੍ਰਿਫਤਾਰ
Publish Date: Tue, 03 Mar 2026 07:06 PM (IST)
Updated Date: Wed, 04 Mar 2026 04:11 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਮੇਹਟੀਆਣਾ ਅਤੇ ਮਾਹਿਲਪੁਰ ਪੁਲਿਸ ਨੇ ਮਾਈਨਿੰਗ ਵਿਭਾਗ ਦੇ ਸਹਿਯੋਗ ਨਾਲ ਕੁੱਲ ਸੱਤ ਵਿਅਕਤੀਆਂ ਨੂੰ ਮਾਈਨਿੰਗ ਐਕਟ ਅਤੇ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ, 1957 ਦੀਆਂ ਸੰਬੰਧਤ ਧਾਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਈਨਿੰਗ ਇੰਸਪੈਕਟਰ ਲਵਪ੍ਰੀਤ ਸਿੰਘ (ਜੇ.ਈ.) ਦੀ ਸ਼ਿਕਾਇਤ ਤੇ ਪਿੰਡ ਬੱਡੋਂ ਵਿਖੇ ਕਾਰਵਾਈ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਦੋ ਸੋਨਾਲੀਕਾ ਟਰੈਕਟਰ-ਟਰਾਲੀਆਂ ਮਿੱਟੀ ਨਾਲ ਭਰੀਆਂ ਪਾਈਆਂ ਗਈਆਂ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਇਕਬਾਲ ਸਿੰਘ ਪੁੱਤਰ ਸੰਤਵੀਰ ਸਿੰਘ ਅੇਤ ਸੰਤਵੀਰ ਸਿੰਘ ਪੁੱਤਰ ਸੁਦਾਗਰ ਸਿੰਘ, ਦੋਵੇਂ ਵਾਸੀ ਪਿੰਡ ਟੋਡਰਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਕਥਿਤ ਤੌਰ ਤੇ ਮਿੱਟੀ ਦੀ ਪੁਟਾਈ ਕਰ ਰਹੇ ਸਨ। ਇੱਕ ਹੋਰ ਕਾਰਵਾਈ ਵਿੱਚ ਮਾਹਿਲਪੁਰ ਪੁਲਿਸ ਨੇ ਪਿੰਡ ਮਾਹਲਾ ਬਲਟੌਹੀਆ ਵਿਖੇ ਛਾਪੇਮਾਰੀ ਕੀਤੀ। ਪੁਲਿਸ ਮੁਤਾਬਕ, ਮਾਈਨਿੰਗ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਸ ਸਥਾਨ ਤੇ ਵੱਡੇ ਪੱਧਰ ਤੇ ਮਿੱਟੀ ਦੀ ਗੈਰ-ਕਾਨੂੰਨੀ ਨਿਕਾਸੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ ਤਿੰਨ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ, ਇੱਕ ਬਾਲਟੀ (ਬਕਟ) ਵਾਲਾ ਟਰੈਕਟਰ ਜੋ ਪੁਟਾਈ ਲਈ ਵਰਤਿਆ ਜਾ ਰਿਹਾ ਸੀ ਬਰਾਮਦ ਕੀਤਾ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਵਿਕਾਸ ਪੁੱਤਰ ਪੱਪੂ, ਦਵਿੰਦਰ ਸਿੰਘ ਤੇ ਬੱਗੂ ਮਹਾਤੋ, ਸਾਰੇ ਵਾਸੀ ਨਡਾਲੋ, ਨਰਿੰਦਰ ਪਾਲ ਸਿੰਘ, ਵਾਸੀ ਟੋਡਰਪੁਰ ਅਤੇ ਮਹਾਵੀਰ ਰਾਮ, ਵਾਸੀ ਬਿਹਾਰ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਮੌਕੇ ’ਤੇ ਕੀਤੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਇਹ ਸਾਰੇ ਵਾਹਨ ਦਵਿੰਦਰ ਸਿੰਘ ਦੇ ਸਨ ਅਤੇ ਇਹਨਾਂ ਰਾਹੀਂ ਕਥਿਤ ਤੌਰ ਤੇ ਗੈਰ-ਕਾਨੂੰਨੀ ਮਿੱਟੀ ਦੀ ਨਿਕਾਸੀ ਕੀਤੀ ਜਾ ਰਹੀ ਸੀ। ਪੁਲਿਸ ਨੇ ਸਾਰੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।