ਪੁਲਿਸ ਦੀ ਕਾਰਜਪ੍ਰਣਾਲੀ ਤੋਂ ਖ਼ਫ਼ਾ ਰਾਜੇਸ਼ ਦੇ ਪਰਿਵਾਰ ਨੇ ਦਿੱਤਾ ਅਲਟੀਮੇਟਮ
ਪੁਲਿਸ ਦੀ ਕਾਰਜਪ੍ਰਣਾਲੀ ਤੋਂ ਖ਼ਫ਼ਾ ਰਾਜੇਸ਼ ਦੇ ਪਰਿਵਾਰ ਨੇ ਦਿੱਤਾ ਅਲਟੀਮੇਟਮ; ਗ੍ਰਿਫ਼ਤਾਰੀ ਨਾ ਹੋਣ 'ਤੇ ਲਾਸ਼ ਸਮੇਤ ਧਰਨੇ ਦੀ ਚਿਤਾਵਨੀ
Publish Date: Tue, 03 Mar 2026 06:55 PM (IST)
Updated Date: Wed, 04 Mar 2026 04:09 AM (IST)

ਗ੍ਰਿਫ਼ਤਾਰੀ ਨਾ ਹੋਣ ’ਤੇ ਲਾਸ਼ ਸਮੇਤ ਧਰਨੇ ਦੀ ਚਿਤਾਵਨੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁਹੱਲਾ ਟਿੱਬਾ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਰਾਜੇਸ਼ ਕੁਮਾਰ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਹੁਸ਼ਿਆਰਪੁਰ ਪੁਲਿਸ ਨੂੰ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮ ਨਾ ਫੜੇ ਗਏ ਤਾਂ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਸਮੇਤ ਰੋਸ ਧਰਨਾ ਦਿੱਤਾ ਜਾਵੇਗਾ। ਰਾਜੇਸ਼ ਕੁਮਾਰ (39), ਜੋ ਇੱਕ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ, ਦੀ 18 ਫਰਵਰੀ ਨੂੰ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਉਹ ਦਸਮੇਸ਼ ਨਗਰ ਫੁੱਟਬਾਲ ਮੈਦਾਨ ਨੇੜੇ ਬੇਹੋਸ਼ ਮਿਲਿਆ ਸੀ। ਮ੍ਰਿਤਕ ਦੀ ਮਾਂ ਊਸ਼ਾ ਰਾਣੀ ਦੇ ਬਿਆਨਾਂ ਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਰਾਜੇਸ਼ ਦੀ ਪਤਨੀ ਸਪਨਾ, ਉਸ ਦੀ ਮਾਸੀ ਸੀਮਾ ਰਾਣੀ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੇ ਪਰਮਜੀਤ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਲਈ ਭਾਰਤੀ ਨਿਆਏ ਸੰਹਿਤਾ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਪਤਨੀ ਵੱਲੋਂ ਤਲਾਕ ਲਈ ਪਾਏ ਜਾ ਰਹੇ ਦਬਾਅ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਰਾਜੇਸ਼ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਇਸ ਪ੍ਰੈੱਸ ਕਾਨਫਰੰਸ ਵਿੱਚ ਮ੍ਰਿਤਕ ਰਾਜੇਸ਼ ਦੇ ਭਰਾ ਰਵੀ ਕੁਮਾਰ, ਮਾਂ ਉਸ਼ਾ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਮੁਹੱਲਾ ਟਿੱਬਾ ਸਾਹਿਬ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਲਵਿੰਦਰ ਕੌਰ ਕੌਂਸਲਰ, ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਦੀਵਾਨਾ ਤੇ ਹੈਪੀ ਫ਼ਤਹਿਗੜ੍ਹ, ਕ੍ਰਮਵਾਰ, ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਕੌਂਸਲਰ ਬਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਪੀੜਤ ਪਰਿਵਾਰ ਤੇ ਹੀ ਅੰਤਿਮ ਸੰਸਕਾਰ ਕਰਨ ਲਈ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕੇਸ ਨੂੰ ਗਲਤ ਦਿਸ਼ਾ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ 12 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਇੰਸਪੈਕਟਰ ਜੈਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।