ਬੱਸੀ ਗੁਲਾਮ ਹੁਸੈਨ ਦੇ ਪਿੰਡ ਵਾਸੀਆਂ ਦਾ 77 ਦਿਨਾਂ ਦਾ ਧਰਨਾ ਖਤਮ
ਵਿਜੇ ਸਾਂਪਲਾ ਦੇ ਦਖਲ ਨਾਲ ਬੱਸੀ ਗੁਲਾਮ ਹੁਸੈਨ ਦੇ ਪਿੰਡ ਵਾਸੀਆਂ ਦਾ 77 ਦਿਨਾਂ ਦਾ ਧਰਨਾ ਖਤਮ;
Publish Date: Tue, 03 Mar 2026 06:46 PM (IST)
Updated Date: Wed, 04 Mar 2026 04:09 AM (IST)

ਪਿੰਡ ਲਈ ਅੰਡਰਪਾਸ ਬਣਾਉਣ ’ਤੇ ਸਹਿਮਤੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿੰਡ ਬੱਸੀ ਗੁਲਾਮ ਹੁਸੈਨ ਦੇ ਵਸਨੀਕਾਂ ਵੱਲੋਂ ਹਾਈਵੇਅ ਨਿਰਮਾਣ ਕਾਰਨ ਬੰਦ ਹੋ ਰਹੇ ਮੁੱਖ ਰਸਤੇ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਪਿਛਲੇ 77 ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਅਕਾਲੀ ਦਲ ਦੇ ਰਾਸ਼ਟਰੀ ਉਪ ਪ੍ਰਧਾਨ ਸੰਜੀਵ ਤਲਵਾੜ ਦੇ ਯਤਨਾਂ ਸਦਕਾ ਖਤਮ ਹੋ ਗਿਆ।ਜਾਣਕਾਰੀ ਅਨੁਸਾਰ ਪਿੰਡ ਦੀ ਕਰੀਬ ਸਾਢੇ 16 ਫੁੱਟ ਚੌੜੀ ਸੜਕ ਕੰਢੀ ਨਹਿਰ ਦੀ ਸਰਵਿਸ ਰੋਡ ਨਾਲ ਜੁੜਦੀ ਹੈ ਅਤੇ ਇਹ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਮੁੱਖ ਰਸਤਾ ਵੀ ਹੈ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਮਾਰਗ ਨਿਰਮਾਣ ਦੌਰਾਨ ਇਸ ਸੜਕ ਨੂੰ ਰੋਕਿਆ ਜਾ ਰਿਹਾ ਸੀ, ਜਿਸ ਨਾਲ ਬਰਸਾਤ ਦੌਰਾਨ ਪਿੰਡ ਵਿੱਚ ਪਾਣੀ ਖੜ੍ਹਾ ਹੋਣ ਦਾ ਖਤਰਾ ਬਣ ਗਿਆ ਸੀ। ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਸੰਜੀਵ ਤਲਵਾੜ ਨੇ ਇਹ ਮਸਲਾ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਧਿਆਨ ਵਿੱਚ ਲਿਆਂਦਾ। ਇਸ ਤੋਂ ਬਾਅਦ ਸ੍ਰੀ ਸਾਂਪਲਾ ਮੌਕੇ ‘ਤੇ ਪਹੁੰਚੇ ਅਤੇ ਮਾਰਗ ਪ੍ਰਾਧੀਕਰਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਉੱਚ ਅਧਿਕਾਰੀਆਂ ਨਾਲ ਫ਼ੋਨ ‘ਤੇ ਸੰਪਰਕ ਕਰਕੇ ਮਾਮਲੇ ਦਾ ਹੱਲ ਕੱਢਣ ਲਈ ਕਿਹਾ। ਬਾਅਦ ਵਿੱਚ ਅਧਿਕਾਰੀਆਂ ਵੱਲੋਂ ਉਕਤ ਸਥਾਨ ‘ਤੇ ਅੰਡਰਪਾਸ ਬਣਾਉਣ ਲਈ ਸਹਿਮਤੀ ਜਤਾਈ ਗਈ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ। ਇਸ ਮਗਰੋਂ ਪਿੰਡ ਵਾਸੀਆਂ ਨੇ ਧਰਨਾ ਖਤਮ ਕਰਦੇ ਹੋਏ ਸ੍ਰੀ ਸਾਂਪਲਾ ਅਤੇ ਸੰਜੀਵ ਤਲਵਾੜ ਦਾ ਧੰਨਵਾਦ ਕੀਤਾ। ਸਾਂਪਲਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਬਣ ਰਹੇ ਮਾਰਗ ਪ੍ਰੋਜੈਕਟਾਂ ਦੌਰਾਨ ਜਨਤਾ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੌਰਾਨ ਹੀ ਲੋਕਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾਣ, ਤਾਂ ਜੋ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਕਿਸਾਨ ਆਗੂ ਅਮਨ, ਸਰਪੰਚ ਸਖਜਿੰਦਰ ਸਿੰਘ, ਪੰਚ ਪ੍ਰਵੀਨ ਸੈਣੀ, ਪੰਚ ਗੁਰਵਿੰਦਰ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਮਨਜੀਤ ਸਿੰਘ, ਸਾਬਕਾ ਪੰਚ ਬਲਬੀਰ ਸਿੰਘ, ਐਡਵੋਕੇਟ ਸੰਜੀਵ ਕੁਮਾਰ, ਸੁਰਿੰਦਰ ਬਾਮਾ, ਪਿਆਰੇ ਲਾਲ, ਕਰਨੈਲ ਸਿੰਘ, ਦਲਜੀਤ ਅਤੇ ਅੰਮ੍ਰਿਤਪਾਲ ਸਮੇਤ ਕਈ ਪਿੰਡ ਵਾਸੀ ਹਾਜ਼ਰ ਸਨ।