ਐੱਸਪੀਐੱਨ ਕਾਲਜ ਵਿਖੇ ‘ਟਾਈ ਐਂਡ ਡਾਈ’ ਵਰਕਸ਼ਾਪ ਕਰਵਾਈ
ਐੱਸਪੀਐੱਨ ਕਾਲਜ ਵਿਖੇ “ਟਾਈ ਐਂਡ ਡਾਈ” ਵਰਕਸ਼ਾਪ ਕਰਵਾਈ
Publish Date: Tue, 03 Mar 2026 06:19 PM (IST)
Updated Date: Wed, 04 Mar 2026 04:06 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਐੱਸਪੀਐੱਨ ਕਾਲਜ ਮੁਕੇਰੀਆਂ ਦੇ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਹੋਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ‘ਹੋਲੀ ਸਪੈਸ਼ਲ ਟਾਈ ਐਂਡ ਡਾਈ ਵਰਕਸ਼ਾਪ’ ਕਰਵਾਈ ਗਈ। ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਤਿਉਹਾਰ ਦੇ ਇਸ ਮਾਹੌਲ ਵਿੱਚ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਵਰਕਸ਼ਾਪ ਦੌਰਾਨ ਟਾਈ ਐਂਡ ਡਾਈ ਫੈਬਰਿਕ ਤਕਨੀਕਾਂ, ਬਲੌਕ ਪ੍ਰਿੰਟਿੰਗ ਅਤੇ ਟੈਕਸਚਰ ਪੇਂਟਿੰਗ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਵੱਖ-ਵੱਖ ਰੰਗ-ਸੰਯੋਜਨਾਂ ਅਤੇ ਨਵੇਂ ਡਿਜ਼ਾਈਨਾਂ ਰਾਹੀਂ ਆਪਣੀ ਕਲਾਤਮਕ ਯੋਗਤਾ ਨੂੰ ਨਿਖਾਰਿਆ। ਇਸ ਦੇ ਨਾਲ ਹੀ ਤਿਉਹਾਰ ਦੇ ਪਕਵਾਨਾਂ ਦੇ ਵਿਸ਼ੇਸ਼ ਫੂਡ ਸਟਾਲ ਅਤੇ ਰਸੋਈ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ‘ਅਰਨ ਵਾਇਲ ਯੂ ਲਰਨ’ ਸਕੀਮ ਦੇ ਤਹਿਤ ਵਿਦਿਆਰਥੀਆਂ ਵੱਲੋਂ ਭੁਗਤਾਨਯੋਗ ਖਾਣ-ਪੀਣ ਦੇ ਕਾਊਂਟਰ ਸਜਾਏ ਗਏ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਵਿਹਾਰਿਕ ਅਨੁਭਵ ਦੇ ਨਾਲ-ਨਾਲ ਆਰਥਿਕ ਲਾਭ ਵੀ ਪ੍ਰਾਪਤ ਕੀਤਾ। ਇਨ੍ਹਾਂ ਸਾਰੇ ਖਾਣ-ਪੀਣ ਦੇ ਕਾਊਂਟਰਾਂ ਅਤੇ ਗਤੀਵਿਧੀਆਂ ਨੂੰ ਕਾਲਜ ਦੇ ਵਿਦਿਆਰਥੀਆਂ, ਪ੍ਰੋਫੈੱਸਰਾਂ ਅਤੇ ਹੋਰ ਸਟਾਫ਼ ਵੱਲੋਂ ਭਰਪੂਰ ਉਤਸ਼ਾਹ ਅਤੇ ਸਹਿਯੋਗ ਪ੍ਰਾਪਤ ਹੋਇਆ। ਸਭ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ, ਜਿਸ ਨਾਲ ਸਮਾਗਮ ਦੀ ਰੌਣਕ ਵਿੱਚ ਵਾਧਾ ਹੋਇਆ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੀਆਂ ਰਚਨਾਤਮਕ ਤੇ ਪ੍ਰਯੋਗਾਤਮਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮ-ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਵਿਭਾਗ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਵਿਭਾਗ ਮੁੱਖੀ ਪ੍ਰੋਫੈੱਸਰ ਹਰਪ੍ਰੀਤ ਕੌਰ ਨੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਪ੍ਰਬੰਧਕੀ ਕਮੇਟੀ ਦਾ ਸਮੇਂ-ਸਮੇਂ ‘ਤੇ ਮਿਲਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਭਾਗ ਦੀ ਮੁੱਖੀ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਮੋਨਿਕਾ ਸੈਣੀ ਅਤੇ ਜੋਤੀ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।