‘ਪੰਜਾਬ ਸੰਭਾਲੋ ਮੁਹਿਮ-ਸੱਤਾ ਪ੍ਰਾਪਤ ਕਰੋ’ ਰੈਲੀ ਤਬਦੀਲੀ ਦਾ ਮੁੱਢ ਬੰਨ੍ਹੇਗੀ: ਕਰੀਮਪੁਰੀ
"ਪੰਜਾਬ ਸੰਭਾਲੋ ਮੁਹਿਮ-ਸੱਤਾ ਪ੍ਰਾਪਤ ਕਰੋ" ਰੈਲੀ ਸੂਬੇ ਦੀ ਸਿਆਸਤ ਵਿੱਚ ਤਬਦੀਲੀ ਦਾ ਮੁੱਢ ਬੰਨ੍ਹੇਗੀ: ਡਾ. ਅਵਤਾਰ ਸਿੰਘ ਕਰੀਮਪੁਰੀ
Publish Date: Tue, 03 Mar 2026 05:59 PM (IST)
Updated Date: Wed, 04 Mar 2026 04:05 AM (IST)

15 ਮਾਰਚ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ’ਤੇ ਦਾਣਾ ਮੰਡੀ ਬਹਿਰਾਮ ਦੀ ਧਰਤੀ ’ਤੇ ਹੋਵੇਗਾ ਨੀਲਾ ਹੜ੍ਹ ਹਲਕਾ ਚੱਬੇਵਾਲ ’ਚ ਮੀਟਿੰਗਾਂ ਦਾ ਦੌਰ ਤੇਜ਼; ਹਜ਼ਾਰਾਂ ਦੀ ਗਿਣਤੀ ’ਚ ਬੱਸਾਂ-ਟਰੱਕਾਂ ਦੇ ਕਾਫ਼ਲੇ ਹੋਣਗੇ ਰਵਾਨਾ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਦੇ ਸਬੰਧ ’ਚ ਕੀਤੀ ਜਾ ਰਹੀ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸੱਤਾ ਪ੍ਰਾਪਤ ਕਰੋ ਮਹਾਂ-ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਚੱਬੇਵਾਲ ’ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਵੱਖ-ਵੱਖ ਪਿੰਡਾਂ ’ਚ ਵਰਕਰਾਂ ਤੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗਾਂ ਕੀਤੀਆਂ ਤੇ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਰਣਨੀਤੀ ਉਲੀਕੀ। ਬਾਕਸ-- ਸਰਕਾਰ ਦੀਆਂ ਨਾਕਾਮੀਆਂ ਤੇ ਤਿੱਖਾ ਹਮਲਾ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਬਹੁਤ ਹੀ ਤਿੱਖੇ ਸ਼ਬਦਾਂ ’ਚ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਅੱਜ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਤੇ ਦਲਿਤਾਂ-ਪਿੱਛੜਿਆਂ ’ਤੇ ਅੱਤਿਆਚਾਰ ਵਧ ਰਹੇ ਹਨ। ਪੰਜਾਬ ਨੂੰ ਬਚਾਉਣ ਲਈ ਹੁਣ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੱਤਾ ਦੀ ਚਾਬੀ ਆਪਣੇ ਹੱਥ ਲੈਣਾ ਸਮੇਂ ਦੀ ਮੁੱਖ ਲੋੜ ਹੈ। ਬਾਕਸ-- ਚੱਬੇਵਾਲ ਤੋਂ ਨਿਕਲੇਗਾ ਰਿਕਾਰਡਤੋੜ ਕਾਫ਼ਲਾ ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਕਿ ਹਲਕਾ ਚੱਬੇਵਾਲ ਤੋਂ ਰਿਕਾਰਡਤੋੜ ਇਕੱਠ ਰੈਲੀ ’ਚ ਸ਼ਮੂਲੀਅਤ ਕਰੇਗਾ। ਰੈਲੀ ਵਾਲੇ ਦਿਨ ਹਲਕੇ ਦੇ ਹਰ ਕੋਨੇ ਤੋਂ ਬੱਸਾਂ, ਟਰੱਕਾਂ ਤੇ ਨਿੱਜੀ ਗੱਡੀਆਂ ਦਾ ਇੱਕ ਵਿਸ਼ਾਲ ਕਾਫ਼ਲਾ ਨੀਲੇ ਝੰਡਿਆਂ ਦੀ ਛਾਂ ਹੇਠ ਰਵਾਨਾ ਹੋਵੇਗਾ। ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਕਿ ਉਹ ਪਿੰਡ-ਪਿੰਡ ਜਾ ਕੇ ਬਾਬਾ ਸਾਹਿਬ ਅੰਬੇਡਕਰ ਤੇ ਕਾਂਸ਼ੀ ਰਾਮ ਦੀ ਵਿਚਾਰਧਾਰਾ ਨਾਲ ਲੋਕਾਂ ਨੂੰ ਜੋੜਨ ਤੇ ਰੈਲੀ ਦਾ ਸੱਦਾ ਦੇਣ। ਡਾ. ਕਰੀਮਪੁਰੀ ਦਾ ਵਿਸ਼ੇਸ਼ ਸੰਦੇਸ਼ 15 ਮਾਰਚ ਦੀ ਰੈਲੀ ਸਿਰਫ਼ ਇੱਕ ਇਕੱਠ ਨਹੀਂ ਸਗੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਤਖ਼ਤ ਹਿਲਾਉਣ ਵਾਲੀ ਗਰਜ ਹੋਵੇਗੀ। ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਬਹੁਜਨ ਸਮਾਜ ਸੱਤਾ ਦੀ ਦਹਿਲੀਜ਼ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਗਰੀਬਾਂ ਤੇ ਮਜ਼ਲੂਮਾਂ ਦੇ ਹੱਕ ਮਹਿਫ਼ੂਜ਼ ਨਹੀਂ ਹਨ। ਇਹ ਰੈਲੀ ਪੰਜਾਬ ’ਚ ਬਸਪਾ ਦੀ ਮਜ਼ਬੂਤੀ ਦਾ ਪ੍ਰਤੀਕ ਬਣੇਗੀ। ਮੀਟਿੰਗਾਂ ’ਚ ਵੱਡੀ ਗਿਣਤੀ ’ਚ ਸਥਾਨਕ ਆਗੂਆਂ, ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਤੇ ਪ੍ਰਣ ਲਿਆ ਕਿ ਉਹ ਆਪਣੇ ਨਾਇਕ ਕਾਂਸ਼ੀ ਰਾਮ ਦੇ ਜਨਮ ਦਿਨ ’ਤੇ ਦਾਣਾ ਮੰਡੀ ਬਹਿਰਾਮ ਦੀ ਧਰਤੀ ਨੂੰ ਨੀਲੇ ਰੰਗ ’ਚ ਰੰਗ ਦੇਣਗੇ। ਇਸ ਮੌਕੇ ਜ਼ੋਨ ਕੋ-ਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਜ਼ਿਲ੍ਹਾ ਕੋ-ਆਰਡੀਨੇਟਰ ਵਿਧਾਨ ਸਭਾ ਚੱਬੇਵਾਲ ਤੋਂ ਇੰਚਾਰਜ ਐਡ. ਪਲਵਿੰਦਰ ਮਾਨਾ, ਵਿਧਾਨ ਸਭਾ ਦੇ ਪ੍ਰਧਾਨ ਯਸ਼ ਭੱਟੀ, ਬਾਮਸੇਫ ਤੋਂ ਦਵਿੰਦਰ ਸਿੰਘ ਬਾਹੋਵਾਲ, ਐੱਨਆਰਆਈ ਹਰਭਜਨ ਬਿਰਦੀ ਤੋਂ ਇਲਾਵਾ ਹਰਭਜਨ ਸਿੰਘ ਮਾਨਾ, ਦਵਿੰਦਰ ਸਿੰਘ ਬਾਹੋਵਾਲ ਬਮਸੈਫ, ਹਰਭਜਨ ਸਿੰਘ ਐੱਨਆਰਆਈ, ਸਤਪਾਲ ਸਿੰਘ ਉਪ ਪ੍ਰਧਾਨ, ਜੈ ਪ੍ਰਕਾਸ਼, ਰਾਜੇਸ਼ ਭੁੰਨੋ ਖਜ਼ਾਨਚੀ, ਰਾਜਵਿੰਦਰ ਸਿੰਘ ਜ਼ਿਲ੍ਹਾ ਸਕੱਤਰ, ਡਾ ਹਰਨੇਕ ਸਿੰਘ ਭਗਤੂਪੁਰ, ਰੌਸ਼ਨ ਲਾਲ ਤੇ ਹੋਰ ਵੀ ਬਹੁਤ ਵੱਡੀ ਗਿਣਤੀ ’ਚ ਸਾਥੀ ਹਾਜ਼ਰ ਸਨ।