ਆਰਟੀਫਿਸ਼ੀਅਲ ਇੰਟੈਲੀਜੈਂਸੀ ਬਾਰੇ ਵਿਸ਼ੇਸ਼ ਵਰਕਸ਼ਾਪ ਕਰਵਾਈ
“ਆਰਟੀਫਿਸ਼ੀਅਲ ਇੰਟੈਲੀਜੈਂਸੀ” ਬਾਰੇ ਵਿਸ਼ੇਸ਼ ਵਰਕਸ਼ਾਪ ਕਰਵਾਈ
Publish Date: Tue, 03 Mar 2026 04:47 PM (IST)
Updated Date: Wed, 04 Mar 2026 04:00 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ “ਆਰਟੀਫਿਸ਼ੀਅਲ ਇੰਟੈਲੀਜੈਂਸੀ ਅਤੇ ਅਧਿਆਪਕ ਸਿੱਖਿਆ: ਮੌਕੇ ਅਤੇ ਨੈਤਿਕ ਚੁਣੌਤੀਆਂ” ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਸੰਸਥਾ ਦੇ ਇਨੋਵੇਸ਼ਨ ਕੌਂਸਲ ਦੇ ਅਧੀਨ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਬਦਲ ਰਹੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿਦਿਆਰਥਣਾਂ ਨੂੰ ਆਧੁਨਿਕ ਤਕਨੀਕੀ ਰੁਝਾਨਾਂ ਨਾਲ ਜੋੜਨਾ ਸੀ। ਵਰਕਸ਼ਾਪ ਵਿੱਚ ਮੁੱਖ ਵਿਸ਼ਾ ਮਾਹਿਰ ਵਜੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਪ੍ਰੋ. ਸੁਰਿੰਦਰ ਕੁਮਾਰ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਅਧਿਆਪਕ ਸਿੱਖਿਆ ਵਿੱਚ ਏਆਈ ਦੇ ਉੱਭਰਦੇ ਮੌਕਿਆਂ ਅਤੇ ਇਸ ਨਾਲ ਜੁੜੀਆਂ ਨੈਤਿਕ ਚੁਣੌਤੀਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਵਿਅਕਤੀਗਤ ਸਿੱਖਣ ਪ੍ਰਣਾਲੀਆਂ, ਏਆਈ-ਸਹਾਇਕ ਪਾਠ ਯੋਜਨਾ ਤਿਆਰੀ, ਡਿਜੀਟਲ ਮੁਲਾਂਕਣ ਪ੍ਰਣਾਲੀ ਅਤੇ ਡਾਟਾ ਗੋਪਨੀਅਤਾ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਪ੍ਰੋ. ਸ਼ਰਮਾ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਿਆਪਕਾਂ ਲਈ ਸਿਰਫ਼ ਸਹਾਇਕ ਸਾਧਨ ਹੀ ਨਹੀਂ, ਸਗੋਂ ਸਿੱਖਿਆ ਪ੍ਰਣਾਲੀ ਨੂੰ ਹੋਰ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਬਣਾਉਣ ਦਾ ਮਜ਼ਬੂਤ ਮਾਧਿਅਮ ਹੈ। ਏਆਈ ਦੀ ਵਰਤੋਂ ਕਰਦਿਆਂ ਨੈਤਿਕਤਾ, ਮਨੁੱਖੀ ਮੁੱਲਾਂ ਅਤੇ ਡਾਟਾ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪ੍ਰੋਗਰਾਮ ਇੰਚਾਰਜ਼ ਅਤੇ ਸਟਾਫ਼ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਭਵਿੱਖ ਵਿੱਚ ਵੀ ਅਜਿਹੀਆਂ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਧੰਨਵਾਦੀ ਸ਼ਬਦਾਂ ਦੀ ਸਾਂਝ ਪਾਉਦਿਆਂ ਕਿਹਾ ਕਿ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਵਿਕਾਸ ਨਾਲ ਕਦਮ ਮਿਲਾ ਕੇ ਚਲਣਾ ਚਾਹੀਦਾ ਹੈ। ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਸਮੇਂ ਪ੍ਰੋ. ਸੁਰਿੰਦਰ ਕੁਮਾਰ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਹਾਇਕ ਪ੍ਰੋਫੈੱਸਰ ਅਨੂੰ ਲਤਾ, ਸਹਾਇਕ ਪ੍ਰੋਫੈਸਰ ਰੇਨੂੰ ਗੁਪਤਾ, ਸਹਾਇਕ ਪ੍ਰੋਫੈੱਸਰ ਸ਼ਿਖਾ ਸ਼ਰਮਾ, ਸਹਾਇਕ ਪ੍ਰੋਫੈੱਸਰ ਸਤਵੰਤ ਕੌਰ ਅਤੇ ਵੱਡੀ ਗਿਣਤੀ ਵਿਦਿਆਰਥਣਾਂ ਮੌਜੂਦ ਸਨ।