ਗੜ੍ਹਸ਼ੰਕਰ ਵਾਸੀਆਂ ਦੀਆਂ ਆਸਾਂ ਨੂੰ ਨਹੀਂ ਪਿਆ ਬੂਰ
ਗੜਸ਼ੰਕਰ ਸ਼ਹਿਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ
Publish Date: Sun, 01 Mar 2026 07:40 PM (IST)
Updated Date: Mon, 02 Mar 2026 04:13 AM (IST)

ਟਰੈਫਿਕ ਜਾਮ, ਅਧੂਰਾ ਸੀਵਰੇਜ, ਟੁੱਟੀਆਂ ਸੜਕਾਂ, ਗਲੀਆਂ ’ਚ ਗੰਦਗੀ, ਡਾਕਟਰਾਂ ਦੀ ਘਾਟ ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਸ਼ਹਿਰ ਇਤਿਹਾਸਕ ਸ਼ਹਿਰ ਹੋਣ ਦੇ ਬਾਵਜੂਦ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਜਿਸ ਕਾਰਨ ਗੜ੍ਹਸ਼ੰਕਰ ਵਾਸੀ ਪੰਜਾਬ ਵਿੱਚ ਸਮੇਂ-ਸਮੇਂ ’ਤੇ ਬਣੀਆਂ ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਦੇ ਪੂਰੇ ਨਾ ਹੋਣ ਕਾਰਨ ਬੇਹੱਦ ਨਾਰਾਜ਼ ਹਨ। ਵੱਖ-ਵੱਖ ਸਮੇਂ ਵੱਖ-ਵੱਖ ਪਾਰਟੀਆਂ ਵੱਲੋਂ ਗੜ੍ਹਸ਼ੰਕਰ ਵਾਸੀਆਂ ਨੂੰ ਵਿਕਾਸ ਦੇ ਲਾਰੇ ਲਾ ਕੇ ਵੋਟਾਂ ਤਾਂ ਬਟੋਰ ਲਈਆਂ ਗਈਆਂ ਪਰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਪਿਛਲੇ ਸਮੇਂ ’ਚ ਅਕਾਲੀ ਭਾਜਪਾ ਗਠਜੋੜ, ਕਾਂਗਰਸ ਪਾਰਟੀ ਤੇ ਪਿਛਲੇ 4 ਸਾਲ ਤੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੌਜੂਦਾ ਵਿਧਾਇਕ ਸਰਕਾਰ ਵਿੱਚ ਵੱਡੇ ਅਹੁਦੇ ’ਤੇ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਬਾਕਸ-- ਟਰੈਫਿਕ ਜਾਮ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਗੜ੍ਹਸ਼ੰਕਰ ’ਚ ਇਸ ਸਮੇਂ ਟਰੈਫਿਕ ਜਾਮ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਘਰ ਤੋਂ ਕੁਝ ਦੂਰੀ ਤੱਕ ਵੀ ਆਪਣੇ ਕੰਮ ਕਰਨ ਲਈ ਕਈ ਗੁਣਾ ਵੱਧ ਸਮਾਂ ਖਰਚ ਕਰਨਾ ਪੈਂਦਾ ਹੈ। ਇਲਾਕੇ ’ਚ 20 ਦੇ ਕਰੀਬ ਵਿਅਕਤੀਆਂ ਦੀ ਜਾਨ ਲੈ ਚੁੱਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਸ਼ਹਿਰ ’ਚੋਂ ਲੰਘਦੇ ਟਿੱਪਰਾਂ ਦੀ ਦਹਿਸ਼ਤ ਇਸ ਟਰੈਫਿਕ ਜਾਮ ’ਚ ਵੱਡਾ ਕਾਰਨ ਬਣੇ ਹੋਏ ਹਨ। ਮੌਜੂਦਾ ਸਰਕਾਰ ਵੱਲੋਂ ਵੀ ਗੜ੍ਹਸ਼ੰਕਰ ’ਚ ਬਾਈਪਾਸ ਬਣਾਉਣ ਦੀ ਗੱਲ ਦੁਹਰਾਈ ਜਾਂਦੀ ਰਹੀ ਹੈ ਤੇ ਇਸ ਸਬੰਧੀ ਕਈ ਕਰੋੜ ਦਾ ਪ੍ਰੋਜੈਕਟ ਪਾਸ ਹੋਣ ਦਾ ਖੁਲਾਸਾ ਵੀ ਕੀਤਾ ਗਿਆ ਪਰ ਸਰਕਾਰ ਦੇ ਮੌਜੂਦਾ ਕਾਰਜਕਾਲ ’ਚ ਕੁਝ ਮਹੀਨੇ ਰਹਿ ਜਾਣ ਦੇ ਬਾਵਜੂਦ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੁੰਦੀ ਦਿਖਾਈ ਨਹੀਂ ਦੇ ਰਹੀ। ਹੋਲੇ-ਮਹੱਲੇ ਦਾ ਤਿਉਹਾਰ ਹੋਣ ਕਾਰਨ ਗੜ੍ਹਸ਼ੰਕਰ ਸ੍ਰੀ ਆਨੰਦਪੁਰ ਸਾਹਿਬ ਸੜਕ ਦਾ ਨਿਰਮਾਣ ਕਾਰਜ ਕਰਵਾ ਰਹੇ ਸੰਤ ਸਤਨਾਮ ਸਿੰਘ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲਿਆਂ ਵੱਲੋਂ ਸੰਗਤ ਦੀ ਸਹੂਲਤ ਨੂੰ ਵੇਖਦੇ ਹੋਏ ਮਿੰਨੀ ਬਾਈਪਾਸ ਦਾ ਨਿਰਮਾਣ ਜ਼ਰੂਰ ਕਰਵਾ ਦਿੱਤਾ ਗਿਆ ਜੋ ਕਿ ਆਰਜ਼ੀ ਰਾਹਤ ਤਾਂ ਦੇ ਸਕਦਾ ਹੈ ਪਰ ਇਹ ਸਮੱਸਿਆ ਦਾ ਪੱਕਾ ਹੱਲ ਨਹੀਂ। ਬਾਕਸ-- ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਹਰ ਵਾਰ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਸ਼ਹਿਰ ਵਾਸੀਆਂ ਨੂੰ ਸੀਵਰੇਜ ਪਾਉਣ ਦਾ ਲਾਰਾ ਲਾਉਂਦੀਆਂ ਰਹੀਆਂ ਹਨ। ਇਸ ਸਬੰਧੀ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਵੀ ਵੱਖ-ਵੱਖ ਸਮੇਂ ਕਰੋੜਾਂ ਦੀਆਂ ਗਰਾਂਟਾਂ ਜਾਰੀ ਹੋਣ ਦੀਆਂ ਗੱਲਾਂ ਕੀਤੀਆਂ ਤੇ ਮੌਜੂਦਾ ਸਰਕਾਰ ਵੱਲੋਂ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਗਲੀਆਂ ਪੁੱਟੀਆਂ ਗਈਆਂ ਹਨ ਪਰ ਇਹ ਸੀਵਰੇਜ ਚੋਣਾਂ ਤੋਂ ਪਹਿਲਾਂ ਚਾਲੂ ਹੁੰਦਾ ਸੰਭਵ ਨਹੀਂ ਜਾਪਦਾ। ਬਾਕਸ-- ਸ਼ਹਿਰ ’ਚ ਗੰਦਗੀ ਦੇ ਰਹੀ ਬਿਮਾਰੀਆਂ ਨੂੰ ਸੱਦਾ ਗੜ੍ਹਸ਼ੰਕਰ ਸ਼ਹਿਰ ਦੇ ਵੱਖ ਵੱਖ ਅੰਦਰੂਨੀ ਹਿੱਸਿਆਂ ਤੇ ਵੱਖ-ਵੱਖ ਸ਼ਹਿਰਾਂ ਦੇ ਪ੍ਰਵੇਸ਼ ਦੁਆਰਾਂ ਤੋਂ ਆਉਣ ਵਾਲੇ ਮੁਸਾਫਰਾਂ ਦਾ ਸਵਾਗਤ ਕੂੜੇ ਦੇ ਢੇਰ ਤੇ ਗੰਦਗੀ ਕਰਦੀ ਹੈ। ਮੌਸਮ ਦੀ ਤਬਦੀਲੀ ਹੋਣ ਕਾਰਨ ਪਹਿਲਾਂ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਲਈ ਇਹ ਗੰਦਗੀ ਬਿਮਾਰੀਆਂ ਵਧਾਉਣ ’ਚ ਆਪਣਾ ਯੋਗਦਾਨ ਦੇ ਰਹੀ ਹੈ। ਬੇਸ਼ੱਕ ਮੌਜੂਦਾ ਨਗਰ ਕੌਂਸਲ ਪ੍ਰਧਾਨ ਸਮੇਂ ਜ਼ਿਆਦਾਤਰ ਕੌਂਸਲਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ ਪਰ ਉਹ ਵੀ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕਰਵਾ ਸਕੇ। ਬਾਕਸ-- ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਘਾਟ ਵੱਡੀ ਸਮੱਸਿਆ ਸਰਕਾਰੀ ਹਸਪਤਾਲ ਗੜ੍ਹਸ਼ੰਕਰ ’ਚ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਪ੍ਰਾਈਵੇਟ ਹਸਪਤਾਲਾਂ ਤੇ ਦੂਰ ਦੁਰਾਡੇ ਜਾ ਕੇ ਇਲਾਜ ਕਰਵਾਉਣ ਲਈ ਮਜਬੂਰ ਹਨ। ਬੇਸ਼ੱਕ ਸਰਕਾਰ ਵੱਲੋਂ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਕਰਨ ਉਪਰੰਤ ਸਰਕਾਰੀ ਹਸਪਤਾਲਾਂ ’ਚ ਹਾਊਸ ਸਰਜਨ ਵਜੋਂ 2 ਸਾਲ ਕੰਮ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ ਪਰ ਸਰਕਾਰੀ ਹਸਪਤਾਲ ’ਚ ਮਾਹਰ ਡਾਕਟਰਾਂ ਦੀਆਂ ਕਰੀਬ 15 ਅਸਾਮੀਆਂ ’ਚੋਂ ਕੇਵਲ ਚਾਰ ਹੀ ਭਰੀਆਂ ਹੋਈਆਂ ਹਨ। ਇਸ ਤੋਂ ਇਲਾਵਾ ਬਾਕੀ ਸਾਰੀਆਂ ਅਸਾਮੀਆਂ ਖਾਲੀ ਹੋਣ, ਬਲੱਡ ਬੈਂਕ ਦੀ ਘਾਟ, ਡਾਇਲਸਿਸ ਮਸ਼ੀਨ ਆਪਰੇਟਰ ਨਾ ਹੋਣ ਕਾਰਨ ਮਰੀਜ਼ਾਂ ਦੇ ਇਲਾਜ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ।