ਨਸ਼ੇ ਵਾਲੀਆਂ ਗੋਲੀਆਂ ਸਮੇਤ ਇੱਕ ਗ੍ਰਿਫ਼ਤਾਰ
ਬੁੱਲ੍ਹੋਵਾਲ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
Publish Date: Sun, 01 Mar 2026 07:28 PM (IST)
Updated Date: Mon, 02 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਨਸ਼ਾ ਰੋਕੂ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਬਲਵਿੰਦਰ ਕੁਮਾਰ ਉਰਫ਼ ਸਾਬੀ ਪੁੱਤਰ ਸਲਗ ਰਾਮ ਵਾਸੀ ਪਿੰਡ ਰਾਮ ਨਗਰ ਢੈਹਾ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਏਐੱਸਆਈ ਕਸ਼ਮੀਰੀ ਲਾਲ ਆਪਣੀ ਟੀਮ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਚੌਕੀ ਨਸਰਾਲਾ ਤੋਂ ਪਿੰਡ ਗਗਨੌਲੀ ਵੱਲ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਸਰਕਾਰੀ ਸਕੂਲ ਤੋਂ ਕੁਝ ਅੱਗੇ ਪਹੁੰਚੀ ਤਾਂ ਖੇਤਾਂ ਵੱਲੋਂ ਕੱਚੇ ਰਸਤੇ ‘ਤੇ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਮੁਤਾਬਕ ਜਿਵੇਂ ਹੀ ਉਸ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਉਹ ਕਥਿਤ ਤੌਰ ‘ਤੇ ਅਚਾਨਕ ਪਿੱਛੇ ਮੁੜਨ ਲੱਗਾ ਅਤੇ ਆਪਣੀ ਕਾਲੇ ਰੰਗ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਰਸਤੇ ਦੇ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਕਿਹਾ ਕਿ ਸ਼ੱਕ ਦੇ ਆਧਾਰ ‘ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸਦਾ ਨਾਮ-ਪਤਾ ਪੁੱਛਿਆ ਗਿਆ। ਉਸਦੀ ਨਿਸ਼ਾਨਦੇਹੀ ‘ਤੇ ਸੁੱਟੇ ਗਏ ਮੋਮੀ ਲਿਫਾਫੇ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ ਬਿਨਾਂ ਲੇਬਲ ਵਾਲੀਆਂ 60 ਕਥਿਤ ਨਸ਼ੀਲੀਆਂ ਚਿੱਟੇ ਰੰਗ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।