ਜੱਲੋਵਾਲ ਸਕੂਲ ’ਚ ਹੁਨਰ ਵਿਕਾਸ ਵਰਕਸ਼ਾਪ ਕਰਵਾਈ
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਜੱਲੋਵਾਲ ਸਕੂਲ ਵਿੱਚ ਹੁਨਰ ਵਿਕਾਸ ਵਰਕਸ਼ਾਪ ਆਯੋਜਿਤ
Publish Date: Sun, 01 Mar 2026 06:22 PM (IST)
Updated Date: Mon, 02 Mar 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅਗਵਾਈ ਹੇਠ ਯੂਨੀਵਰਸਿਟੀ ਸਕੂਲ ਆਫ਼ ਫੈਸ਼ਨ, ਬਿਊਟੀ ਅਤੇ ਲਾਈਫਸਟਾਈਲ ਡਿਜ਼ਾਈਨ ਵੱਲੋਂ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ ਵਿਖੇ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਵਾਈਸ ਚਾਂਸਲਰ ਡਾ. ਚੰਦਰ ਮੋਹਨ ਦੀ ਅਗਵਾਈ ਤੇ ਸਕੂਲ ਆਫ਼ ਫੈਸ਼ਨ, ਬਿਊਟੀ ਤੇ ਲਾਈਫਸਟਾਈਲ ਡਿਜ਼ਾਈਨ ਦੇ ਮੁਖੀ ਚਰਨਪ੍ਰੀਤ ਸਿੰਘ ਦੀ ਦੇਖਰੇਖ ਹੇਠ ਕਰਵਾਇਆ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲੀ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ, ਕਾਰੋਬਾਰੀ ਸੋਚ ਨੂੰ ਵਿਕਸਿਤ ਕਰਨਾ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ ਸੀ।
ਐੱਨਐੱਸਐੱਸ ਅਧਿਆਪਕ ਕੋਆਰਡੀਨੇਟਰ ਪੰਕਜ ਤੇ ਜਸਨੀਤ ਕੌਰ ਨੇ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਪ੍ਰੋਗਰਾਮ ਦਾ ਸੁਚਾਰੂ ਤਾਲਮੇਲ ਕੀਤਾ। ਯੂਨੀਵਰਸਿਟੀ ਦੇ ਐੱਨਐੱਸਐੱਸ ਸੇਵਾਦਾਰਾਂ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਬੱਚਿਆਂ ਲਈ ਵਿਹਾਰਕ ਸਿਖਲਾਈ ਸੈਸ਼ਨ ਲਗਾਏ ਗਏ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਹੱਥ ਪੇਂਟਿੰਗ, ਕਢਾਈ ਤੇ ਕਰੋਸ਼ੀਆ ਕਲਾ ਬਾਰੇ ਪ੍ਰਯੋਗਾਤਮਕ ਜਾਣਕਾਰੀ ਦਿੱਤੀ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਰਚਨਾਤਮਕ ਪ੍ਰਗਟਾਵੇ ਦੇ ਮੌਕੇ ਮਿਲੇ ਅਤੇ ਉਹਨਾਂ ਨੂੰ ਅਜਿਹੇ ਹੁਨਰ ਸਿਖਾਏ ਗਏ ਜੋ ਭਵਿੱਖ ਵਿੱਚ ਸਵੈ-ਰੋਜ਼ਗਾਰ ਅਤੇ ਆਤਮਨਿਰਭਰਤਾ ਵੱਲ ਪ੍ਰੇਰਿਤ ਕਰ ਸਕਦੇ ਹਨ।
ਇਸ ਮੌਕੇ ਚਰਨਪ੍ਰੀਤ ਸਿੰਘ ਨੇ ਕਿਹਾ ਕਿ ਐੱਨਐੱਸਐੱਸ ਦੇ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ, ਤਾਂ ਜੋ ਯੁਵਾਂ ਵਿੱਚ ਹੁਨਰ ਵਿਕਾਸ ਅਤੇ ਸਸ਼ਕਤੀਕਰਨ ਨੂੰ ਬਲ ਮਿਲੇ ਅਤੇ ਯੂਨੀਵਰਸਿਟੀ ਅਤੇ ਸਥਾਨਕ ਭਾਈਚਾਰੇ ਦਰਮਿਆਨ ਸਬੰਧ ਹੋਰ ਮਜ਼ਬੂਤ ਹੋਣ।