ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਨੇ ਲਾਇਆ ਡਾ. ਰਵਜੋਤ ਸਿੰਘ ਦੇ ਦਫ਼ਤਰ ਮੂਹਰੇ ਧਰਨਾ
ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਵੱਲੋਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਮੂਹਰੇ ਧਰਨਾ
Publish Date: Sun, 01 Mar 2026 06:15 PM (IST)
Updated Date: Mon, 02 Mar 2026 04:08 AM (IST)

ਮਿਡ-ਡੇਮੀਲ ਤੇ ਆਸ਼ਾ ਵਰਕਰਾਂ ਨੇ ਪੂਰੀ ਤਨਖਾਹਾਂ ਤੇ ਸਾਲਾਨਾ ਵਾਧੇ ਦੀ ਕੀਤੀ ਮੰਗ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣੇ ਸਨ। ਇਸੇ ਕੜੀ ਤਹਿਤ ਹੁਸ਼ਿਆਰਪੁਰ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਦੇ ਦਫ਼ਤਰ ਸਾਹਮਣੇ ਜ਼ਿਲ੍ਹੇ ਦੀਆਂ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਵੱਲੋਂ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਹਰਪ੍ਰੀਤ ਕੌਰ ਰਾਏ ਚੱਕ, ਦਲਜੀਤ ਕੌਰ ਪੱਸੀ ਕੰਡੀ, ਪਿੰਕੀ ਦੇਵੀ ਅਤੇ ਬਲਜੀਤ ਕੌਰ ਧਮਾਈ ਨੇ ਸਾਂਝੇ ਤੌਰ ’ਤੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਨਿਗੂਣੇ ਭੱਤੇ ਦੁੱਗਣੇ ਕੀਤੇ ਜਾਣਗੇ ਅਤੇ ਹਰ ਸਾਲ ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ। ਪਰੰਤੂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਦੀ ਤਨਖਾਹ ਵਿੱਚ ਇੱਕ ਰੁਪਇਆ ਵੀ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੌ ਰੁਪਏ ਤੋਂ ਵੀ ਘੱਟ ਦਿਹਾੜੀ ਉੱਤੇ ਕੰਮ ਕਰਦੀਆਂ ਵਰਕਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸਿਰਫ਼ ਵਾਅਦੇ ਕੀਤੇ ਗਏ ਹਨ ਪਰ ਜ਼ਮੀਨੀ ਹਕੀਕਤ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਤਿਹਾੜਾ, ਮਨਜੀਤ ਕੌਰ ਭੰਗਾਲਾ ਅਤੇ ਹਰਦੀਪ ਕੌਰ ਨੇ ਵੀ ਆਪਣੇ ਸੰਬੋਧਨ ਦੌਰਾਨ ਸਰਕਾਰ ਤੋਂ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਤੁਰੰਤ ਮਨਜ਼ੂਰ ਕਰਨ ਦੀ ਮੰਗ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਮਨਜੀਤ ਸਿੰਘ ਦਸੂਹਾ, ਹੰਸ ਰਾਜ, ਮੁਕੇਸ਼ ਗੁਜਰਾਤੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਇੰਦਰ ਸੁਖਦੀਪ ਸਿੰਘ ਓਢਰਾ, ਪ੍ਰਵੀਨ ਸ਼ੇਰਪੁਰ, ਡੀਟੀਐਫ ਆਗੂ ਸੁਖਦੇਵ ਡਾਨਸੀਵਾਲ ਅਤੇ ਬਲਜੀਤ ਸਿੰਘ ਮਹਿਮੋਵਾਲ ਨੇ ਕਿਹਾ ਕਿ ਸਰਕਾਰ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਬਜਟ ਵਿੱਚ ਮਾਣ ਭੱਤਾ ਵਰਕਰਾਂ ਲਈ ਕੋਈ ਵੱਡਾ ਐਲਾਨ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੌਰ ਰਾਘੋਵਾਲ, ਗਿਆਨ ਕੌਰ ਬਨਿਆਲ, ਸੁਦੇਸ਼ ਕੁਮਾਰੀ, ਗੁਰਦੀਪ ਕੌਰ, ਸਰਬਜੀਤ ਕੌਰ ਮੋਰੀਆਂ, ਇੰਦਰਾ ਰਾਣੀ ਕੱਲੋਵਾਲ, ਇੰਦਰਜੀਤ ਕੌਰ, ਸੁਨੀਤਾ ਰਾਣੀ, ਬਲਬੀਰ ਕੌਰ, ਸੰਤੋਸ਼ ਕੁਮਾਰੀ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਕੁਲਵੰਤ ਕੌਰ, ਰਜਿੰਦਰ ਕੌਰ, ਜਸਵੀਰ ਕੌਰ, ਸੰਦੀਪ ਕੁਮਾਰੀ, ਮਨਜਿੰਦਰ ਕੌਰ, ਨਿਰਮਲ ਸਿੰਘ, ਵਰਿੰਦਰ ਸੈਣੀ, ਨੰਦ ਰਾਮ ਅਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ। ਧਰਨੇ ਦੇ ਅੰਤ ’ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਨੁਮਾਇੰਦੇ ਪਰਵਿੰਦਰ ਸਿੰਘ ਸੱਜਣ ਨੇ ਪ੍ਰਦਰਸ਼ਨਕਾਰੀਆਂ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ।