ਹੁਸ਼ਿਆਰਪੁਰ ’ਚ ‘ਹਰ-ਹਰ ਮਹਾਦੇਵ’ ਦੀ ਗੂੰਜ
ਹੁਸ਼ਿਆਰਪੁਰ 'ਚ 'ਹਰ-ਹਰ ਮਹਾਦੇਵ' ਦੀ ਗੂੰਜ: ਪ੍ਰਾਚੀਨ ਸੋਮਨਾਥ ਜੋਤਿਰਲਿੰਗ ਦੇ ਪਵਿੱਤਰ ਅੰਸ਼ਾਂ ਦੇ ਦਰਸ਼ਨਾਂ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ
Publish Date: Sun, 01 Mar 2026 05:52 PM (IST)
Updated Date: Mon, 02 Mar 2026 04:07 AM (IST)

ਸੋਮਨਾਥ ਜੋਤਿਰਲਿੰਗ ਦੇ ਪਵਿੱਤਰ ਅੰਸ਼ਾਂ ਦੇ ਦਰਸ਼ਨਾਂ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਐਤਵਾਰ ਸ਼ਾਮ ਉਸ ਵੇਲੇ ਆਧਿਆਤਮਿਕ ਮਾਹੌਲ ਬਣ ਗਿਆ ਜਦੋਂ ਸਦੀਆਂ ਪੁਰਾਣੇ ਅਤੇ ਇਤਿਹਾਸਕ ਪ੍ਰਾਚੀਨ ਸੋਮਨਾਥ ਜੋਤਿਰਲਿੰਗ ਦੇ ਦੋ ਪਵਿੱਤਰ ਅੰਸ਼ ਸਿਟੀ ਸੈਂਟਰ ਵਿਖੇ ਦਰਸ਼ਨਾਂ ਲਈ ਪਹੁੰਚੇ। ਜਿਵੇਂ ਹੀ ਅੰਸ਼ਾਂ ਦੀ ਆਮਦ ਹੋਈ, ਪ੍ਰੰਗਣ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਵੱਡੀ ਗਿਣਤੀ ਵਿੱਚ ਭਗਤ ਦਰਸ਼ਨਾਂ ਲਈ ਇਕੱਠੇ ਹੋਏ ਅਤੇ ਸ਼ਰਧਾ ਨਾਲ ਨਮਨ ਕੀਤਾ। ਹੁਸ਼ਿਆਰਪੁਰ ਵਾਸੀਆਂ ਲਈ ਇਹ ਇੱਕ ਇਤਿਹਾਸਕ ਪਲ ਸੀ ਜਦੋਂ ਉਨ੍ਹਾਂ ਨੇ ਇਨ੍ਹਾਂ ਚਮਤਕਾਰੀ ਅਤੇ ਚੁੰਬਕੀ ਸ਼ਕਤੀ ਵਾਲੇ ਪ੍ਰਾਚੀਨ ਅੰਸ਼ਾਂ ਦੇ ਸਿੱਧੇ ਦਰਸ਼ਨ ਕੀਤੇ। ਬਾਕਸ-- ਸੰਖੇਪ ਇਤਿਹਾਸ ਦਿ ਆਰਟ ਆਫ ਲਿਵਿੰਗ ਦੇ ਬੁਲਾਰੇ ਅਨੁਸਾਰ ਇਤਿਹਾਸਕ ਵਰਣਨਾਂ ਵਿੱਚ ਉਲੇਖ ਹੈ ਕਿ ਲਗਭਗ 1024–1026 ਇਸਵੀ ਵਿੱਚ ਮਹਿਮੂਦ ਗਜ਼ਨਵੀ ਵੱਲੋਂ ਸੋਮਨਾਥ ਮੰਦਰ ‘ਤੇ ਹਮਲੇ ਦੌਰਾਨ ਪ੍ਰਾਚੀਨ ਜੋਤਿਰਲਿੰਗ ਨੂੰ ਖੰਡਿਤ ਕੀਤਾ ਗਿਆ ਸੀ। ਮਾਨਤਾ ਅਨੁਸਾਰ ਉਸ ਸਮੇਂ ਦੇ ਅਗਨੀਹੋਤਰੀ ਬ੍ਰਾਹਮਣ ਪੁਜਾਰੀਆਂ ਨੇ ਸ਼ਰਧਾ ਵਜੋਂ ਉਸ ਦੇ ਅੰਸ਼ ਸੰਭਾਲ ਲਏ ਅਤੇ ਦੱਖਣ ਭਾਰਤ ਵੱਲ ਚਲੇ ਗਏ। ਉੱਥੇ ਇਨ੍ਹਾਂ ਅੰਸ਼ਾਂ ਤੋਂ 11 ਛੋਟੇ ਸ਼ਿਵਲਿੰਗ ਤਿਆਰ ਕੀਤੇ ਗਏ ਅਤੇ ਕਈ ਸਦੀਆਂ ਤੱਕ ਗੁਪਤ ਰੂਪ ਵਿੱਚ ਉਨ੍ਹਾਂ ਦੀ ਪੂਜਾ ਅਰਚਨਾ ਜਾਰੀ ਰਹੀ। ਬੁਲਾਰੇ ਨੇ ਦੱਸਿਆ ਕਿ ਜਨਵਰੀ 2025 ਵਿੱਚ ਇਹ ਪਵਿੱਤਰ ਅੰਸ਼ ਦਿ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਸੌਂਪੇ ਗਏ ਸਨ, ਜਿਸ ਉਪਰੰਤ ਦੇਸ਼ ਭਰ ਵਿੱਚ ਭਗਤਾਂ ਦੇ ਦਰਸ਼ਨਾਂ ਲਈ ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਭਗਤਾਂ ਵੱਲੋਂ ਮਿਲਿਆ ਪਿਆਰ ਅਤੇ ਉਤਸ਼ਾਹ ਦੇਖ ਕੇ ਸੰਸਥਾ ਆਭਾਰੀ ਹੈ। ਇਸ ਮੌਕੇ ਵਿਧੀਵਤ ਰੂਪ ਵਿੱਚ ਰੁਦਰ ਅਭਿਸ਼ੇਕ ਅਤੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਵੇਦ ਮੰਤ੍ਰਾਂ ਦੇ ਉਚਾਰਣ ਨਾਲ ਸ਼ਿਵਲਿੰਗਾਂ ਦਾ ਅਭਿਸ਼ੇਕ ਕੀਤਾ ਗਿਆ। ਭਗਤਾਂ ਨੇ ਸੁੱਖ-ਸ਼ਾਂਤੀ ਅਤੇ ਸਮ੍ਰਿੱਧੀ ਲਈ ਅਰਦਾਸ ਕੀਤੀ। ਕਈ ਇਸਤਰੀਆਂ ਤੇ ਬਜ਼ੁਰਗ ਧਿਆਨ ਲਗਾ ਕੇ ਬੈਠੇ ਦਿਖੇ। ਆਯੋਜਕਾਂ ਵੱਲੋਂ ਦਰਸ਼ਨਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ, ਜਿਸ ਨਾਲ ਭਗਤਾਂ ਨੂੰ ਸ਼ਾਂਤੀਪੂਰਵਕ ਦਰਸ਼ਨ ਕਰਨ ਦਾ ਮੌਕਾ ਮਿਲਿਆ। ਭਗਤਾਂ ਨੇ ਕਿਹਾ ਕਿ ਸੋਮਨਾਥ ਜੋਤਿਰਲਿੰਗ ਦੇ ਅੰਸ਼ਾਂ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਅਤੇ ਅਦਭੁਤ ਅਨੰਦ ਦੀ ਅਨੁਭੂਤੀ ਹੋਈ ਹੈ।