ਨਸ਼ਾ ਤਸਕਰੀ ਤੇ ਵਰਤੋਂ ਵਿਰੁੱਧ ਕਾਰਵਾਈ ; ਦੋ ਕਾਬੂ, 1 ਕਿੱਲੋ ਅਫ਼ੀਮ ਬਰਾਮਦ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਵਰਤੋਂ ਵਿਰੁੱਧ ਕਾਰਵਾਈ; ਦੋ ਕਾਬੂ, 1 ਕਿੱਲੋ ਅਫ਼ੀਮ ਬਰਾਮਦ
Publish Date: Sat, 28 Feb 2026 06:28 PM (IST)
Updated Date: Sun, 01 Mar 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਸਿਟੀ ਪੁਲਿਸ ਹੁਸ਼ਿਆਰਪੁਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਗਗਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਧੋਬੀਘਾਟ ਤੋਂ ਹੁੰਦੇ ਹੋਏ ਊਨਾ ਰੋਡ ਵੱਲ ਜਾ ਰਹੀ ਸੀ। ਪੁਲਿਸ ਨੇ ਕਿਹਾ ਕਿ ਜਦੋਂ ਪਾਰਟੀ ਇਕ ਕਾਰ ਵਾਸ਼ ਨੇੜੇ ਪਹੁੰਚੀ ਤਾਂ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾਇਆ ਤੇ ਆਪਣੇ ਹੱਥ ਵਿੱਚ ਫੜਿਆ ਵਜ਼ਨਦਾਰ ਮੋਮੀ ਲਿਫ਼ਾਫ਼ਾ ਜ਼ਮੀਨ ‘ਤੇ ਸੁੱਟ ਕੇ ਭੱਜਣ ਲੱਗ ਪਿਆ। ਪੁਲਿਸ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਪਛਾਣ ਸ਼ੁਭਮ ਉਰਫ਼ ਮੋਹਿਤ ਅਗਰਵਾਲ ਪੁੱਤਰ ਕੁਲਦੀਪ ਰਾਜ ਵਾਸੀ ਮਾਡਲ ਟਾਊਨ, ਹੁਸ਼ਿਆਰਪੁਰ ਵਜੋਂ ਹੋਈ। ਪੁਲਿਸ ਦੇ ਅਨੁਸਾਰ, ਸੁੱਟੇ ਗਏ ਲਿਫ਼ਾਫ਼ੇ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਕਰੀਬ ਇੱਕ ਕਿਲੋ ਗ੍ਰਾਮ ਅਫੀਮ ਕਥਿਤ ਤੌਰ ‘ਤੇ ਬਰਾਮਦ ਹੋਈ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਹੋਰ ਕਾਰਵਾਈ ਵਿੱਚ ਮਾਡਲ ਟਾਊਨ ਥਾਣਾ ਪੁਲਿਸ ਨੇ ਸ਼ੰਕਰ ਲਾਲ ਪੁੱਤਰ ਜੀਵਨ ਲਾਲ ਵਾਸੀ ਬੰਜਰਬਾਗ, ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਪੁਲਿਸ ਨੇ ਕਿਹਾ ਕਿ ਏਐੱਸਆਈ ਰਾਮ ਮੂਰਤੀ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਵਣ ਵਿਭਾਗ ਦਫ਼ਤਰ ਬਸੀ ਜਾਨਾਂ ਤੋਂ ਪਿੱਛੇ ਕੱਚੇ ਰਸਤੇ ਰਾਹੀਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸੀ, ਜਦੋਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਝਾੜੀਆਂ ਦੇ ਓਹਲੇ ਸ਼ੱਕੀ ਹਾਲਤ ਵਿੱਚ ਬੈਠਿਆ ਦੇਖਿਆ। ਪੁਲਿਸ ਮੁਤਾਬਕ ਉਕਤ ਵਿਅਕਤੀ ਕਥਿਤ ਤੌਰ ’ਤੇ ਸਿਲਵਰ ਵਰਕ ਦੀ ਪੰਨੀ ਦੀ ਮਦਦ ਨਾਲ ਨਸ਼ਾ ਕਰ ਰਿਹਾ ਸੀ ਤੇ ਪੁਲਿਸ ਨੂੰ ਦੇਖ ਕੇ ਸਮੱਗਰੀ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਪੁੱਛਗਿੱਛ ਦੌਰਾਨ ਉਸ ਦੀ ਪਛਾਣ ਸ਼ੰਕਰ ਲਾਲ ਵਜੋਂ ਹੋਈ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਨਸ਼ੇ ਦੀ ਤਸਕਰੀ ਜਾਂ ਵਰਤੋਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।