ਨਾਜਾਇਜ਼ ਪਿਸਟਲ ਤੇ ਜ਼ਿੰਦਾ ਰੌਂਦ ਬਰਾਮਦ, ਇੱਕ ਕਾਬੂ
ਟਾਂਡਾ ਪੁਲਿਸ ਵੱਲੋਂ ਅਸਲਾ ਐਕਟ ਤਹਿਤ ਇੱਕ ਕਾਬੂ; ਨਾਜਾਇਜ਼ ਪਿਸਟਲ ਅਤੇ ਜ਼ਿੰਦਾ ਰੌਂਦ ਬਰਾਮਦ
Publish Date: Sat, 28 Feb 2026 06:25 PM (IST)
Updated Date: Sun, 01 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਟਾਂਡਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ਼ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਏ.ਐਸ.ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ, ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਟਾਂਡਾ ਤੋਂ ਚੌਲਾਂਗ ਵੱਲ ਜਾ ਰਹੀ ਸੀ। ਇਸ ਦੌਰਾਨ ਬਿਜਲੀ ਘਰ ਚੌਕ ਬਾਈਪਾਸ ਨੇੜੇ ਇੱਕ ਮੁਖਬਰ ਖਾਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਵਿਸ਼ਾਲ ਉਰਫ਼ ਬੰਬ ਪੁੱਤਰ ਜਸਵੀਰ ਸਿੰਘ ਵਾਸੀ ਭੋਗਪੁਰ, ਜ਼ਿਲ੍ਹਾ ਜਲੰਧਰ ਕੋਲ ਨਾਜਾਇਜ਼ ਪਿਸਤੌਲ ਹੈ ਅਤੇ ਉਹ ਲਾਲ-ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਫੋਕਲ ਪੁਆਇੰਟ ਵੱਲ ਘੁੰਮ ਰਿਹਾ ਹੈ। ਪੁਲਿਸ ਨੇ ਕਿਹਾ ਕਿ ਸੂਚਨਾ ਦੇ ਆਧਾਰ ‘ਤੇ ਫੋਕਲ ਪੁਆਇੰਟ ਢਡਿਆਂਲਾ ਵਿਖੇ ਨਾਕਾਬੰਦੀ ਕੀਤੀ ਗਈ। ਕੁਝ ਸਮੇਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ‘ਤੇ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਉਕਤ ਵਿਅਕਤੀ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਵਿਸ਼ਾਲ ਉਰਫ਼ ਬੰਬ ਦੱਸਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਮਾਰਕਾ ਪੀ.ਐਕਸ-5 ਸਟਾਰਮ ਅਤੇ ਮੈਗਜ਼ੀਨ ਸਮੇਤ ਇੱਕ ਜਿੰਦਾ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ। ਪੁਲਿਸ ਨੇ ਦੋਸ਼ ਲਾਇਆ ਕਿ ਮੁਲਜ਼ਮ ਬਿਨਾ ਲਾਇਸੈਂਸ ਹਥਿਆਰ ਰੱਖਿਆ ਸੀ। ਇਸ ਸਬੰਧੀ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।