ਸੜਕ ’ਚ ਖੜ੍ਹੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ, ਰਾਹਗੀਰ ਪਰੇਸ਼ਾਨ
ਬਡਿਆਲਾਂ ਵਿਖੇ ਸੜਕ ਵਿੱਚ ਖੜ੍ਹੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ ਰਾਹਗੀਰ ਹੋ ਰਹੇ ਪਰੇਸ਼ਾਨ
Publish Date: Sat, 28 Feb 2026 06:02 PM (IST)
Updated Date: Sun, 01 Mar 2026 04:08 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਵੀਵਾਲਾ : ਦਸੂਹਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਗੜ੍ਹਦੀਵਾਲਾ ਨਜ਼ਦੀਕ ਪੈਂਦੇ ਪਿੰਡ ਬਡਿਆਲਾਂ ਵਿਖੇ ਸੜਕ ’ਚ ਖੜ੍ਹੇ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ ਹੈ, ਜਿਸ ਕਾਰਨ ਬਡਿਆਲਾਂ ਪਿੰਡ ਬਣਿਆ ਐਕਸੀਡੈਂਟ ਦਾ ਅੱਡਾ ਬਣ ਚੁੱਕਾ ਹੈ। ਪਿੰਡ ਦੇ ਲੋਕਾਂ ਤੇ ਬਾਹਰਲੇ ਰਾਹਗੀਰਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ.ਵਿੰਗ ਦੇ ਸਰਕਲ ਗੜ੍ਹਦੀਵਾਲਾ ਪ੍ਰਧਾਨ ਬਲਵਿੰਦਰ ਸਿੰਘ ਚਿੱਪੜਾ ਤੇ ਪਿੰਡ ਵਾਸੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਅਜੇ ਤੱਕ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕੀ। ਕਿਸੇ ਨੇ ਵੀ ਸਾਡੀ ਇਸ ਸਮੱਸਿਆ ਵੱਲ ਰੱਤੀ ਭਰ ਵੀ ਧਿਆਨ ਨਹੀਂ ਦਿੱਤਾ। ਹਲਕੇ ਦੇ ਐੱਮਐੱਲਏ ਨੇ ਇਸ ਸਮੱਸਿਆ ਦਾ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਹੱਲ ਨਹੀਂ ਲੱਭਿਆ। ਇਹ ਰੋਡ ਦਿਨ ਰਾਤ ਚੱਲਦਾ ਹੈ। ਜੰਮੂ-ਕਸ਼ਮੀਰ, ਪਠਾਨਕੋਟ, ਤਲਵਾੜਾ, ਮੁਕੇਰੀਆਂ-ਦਸੂਹਾ ਤੋਂ ਲੈਕੇ ਲੋਕ ਟਰੱਕਾਂ, ਗੱਡੀਆਂ ਤੇ ਮੋਟਰਸਾਈਕਲਾਂ ਰਾਹੀਂ ਲੁਧਿਆਣਾ, ਚੰਡੀਗੜ੍ਹ, ਦਿੱਲੀ ਆਦਿ ਸ਼ਹਿਰਾਂ ਨੂੰ ਆਉਂਦੇ ਜਾਂਦੇ ਹਨ। ਟਰੈਫਿਕ ਜ਼ਿਆਦਾ ਹੋਣ ਕਰ ਕੇ ਵਾਹਨਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਪਾਣੀ ਸੜਕ ’ਚ ਹੀ ਇਕੱਠਾ ਹੋ ਰਿਹਾ ਹੈ, ਜਿੱਥੋਂ ਭੈੜੀ ਬਦਬੂ ਆਉਂਦੀ ਹੈ। ਪਾਣੀ ’ਚ ਮੱਛਰ, ਕੀੜੇ ਤੇ ਸੱਪ ਆਦਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹੈਲਥ ਵਿਭਾਗ ਵੀ ਚੁੱਪ ਬੈਠਾ ਹੈ। ਪਾਣੀ ’ਚ ਡਿੱਗ ਕੇ ਰੋਜ਼ਾਨਾ ਕਿਸੇ ਨਾ ਕਿਸੇ ਦੇ ਸੱਟਾਂ ਚੋਟਾਂ ਆਦਿ ਲੱਗਦੀਆਂ ਰਹਿੰਦੀਆਂ ਹਨ। ਹੋਲੇ-ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ-ਆਉਣ ਵਾਲੀਆਂ ਸੰਗਤਾਂ ਲਈ ਇਸ ਜਗ੍ਹਾ ’ਤੇ ਹਰ ਸਾਲ ਲੰਗਰ ਲਾਇਆ ਜਾਂਦਾ ਹੈ। ਇਸ ਵਾਰ ਬਦਲ ਕੇ ਦੂਸਰੀ ਜਗ੍ਹਾ ’ਤੇ ਲਾਇਆ ਜਾਵੇਗਾ। ਇਹ ਇਕੱਠਾ ਹੋਇਆ ਗੰਦਾ ਪਾਣੀ ਆਲੇ-ਦੁਆਲੇ ਦੇ ਅਨੇਕਾਂ ਪਿੰਡਾਂ ਰੰਧਾਵਾ, ਕੁਲਾਰਾਂ, ਡੱਫਰ, ਭਾਨਾ, ਅਰਗੋਵਾਲ, ਗੁੜ੍ਦੀਵਾਲਾ, ਢੋਲੋਵਾਲ, ਕਾਲਰਾ, ਮਾਂਗਾ, ਥਿੰਦਾ ਚਿੱਪੜਾ, ਰਾਜਾ ਕਲਾਂ, ਭੱਟੀਆਂ, ਮਾਨਗੜ੍ਹ ਲਈ ਮੁਸੀਬਤ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਹੈ ਕਿ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ। ਪਿੰਡ ਵਾਸੀਆਂ ਨੇ ਸਖਤ ਸ਼ਬਦਾਂ ’ਚ ਕਿਹਾ ਹੈ ਕਿ ਜੇਕਰ ਕਿਸੇ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਹਾਜ਼ਰ ਨਗਰ ਨਿਵਾਸੀ ਮੋਹਤਬਰ ਵਿਅਕਤੀ ਬਲਵਿੰਦਰ ਸਿੰਘ ਸਾਬਕਾ ਸਰਪੰਚ ਬਡਿਆਲਾਂ, ਬੀਰਾ ਸਾਬਕਾ ਸਰਪੰਚ ਬਡਿਆਲਾਂ, ਡਾ. ਚੰਚਲ ਸਿੰਘ, ਬਿੰਦਰ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਅਮਨ ਸਿੰਘ, ਗੋਪੀ, ਗੁਰਪ੍ਰੀਤ ਸਿੰਘ, ਕੰਮੋ, ਰਾਜੂ, ਰਾਹੁਲ, ਮਹਿੰਦਰ ਸਿੰਘ ਬਡਿਆਲ, ਸਾਬਕਾ ਸਰਪੰਚ ਬੀਰਾ ਤੇ ਡਾ. ਚੰਚਲ ਸਿੰਘ ਹਾਜ਼ਰ ਸਨ।