ਲਾਰਿਆਂ ਤੋਂ ਅੱਕੇ ਕੰਪਿਊਟਰ ਅਧਿਆਪਕਾਂ ਨੇ ਖੋਲ੍ਹਿਆ ਮੋਰਚਾ
ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਕੰਪਿਊਟਰ ਅਧਿਆਪਕਾਂ ਨੇ ਖੋਲ੍ਹਿਆ ਮੋਰਚਾ, 8 ਨੂੰ ਕਰਨਗੇ ਵਿਧਾਨ ਸਭਾ ਦਾ ਘਿਰਾਓ
Publish Date: Sat, 28 Feb 2026 05:48 PM (IST)
Updated Date: Sun, 01 Mar 2026 04:07 AM (IST)

8 ਨੂੰ ਕਰਨਗੇ ਵਿਧਾਨ ਸਭਾ ਦਾ ਘਿਰਾਓ ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕਾਂ ਨੇ ਹੁਣ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਨੂੰ ਦੇਖਦਿਆਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਦੱਸਿਆ ਕਿ ‘ਆਪ’ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਦੀਵਾਲੀ ਮੌਕੇ ਕੰਪਿਊਟਰ ਅਧਿਆਪਕਾਂ ਤੇ 6ਵਾਂ ਪੇ-ਕਮਿਸ਼ਨ ਅਤੇ ਸੀ.ਐਸ.ਆਰ. ਰੂਲਜ਼ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਅਫਸੋਸ ਕਿ ਸਰਕਾਰੀ ਵਾਅਦਾ ਲੱਗਭਗ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਅਧੂਰਾ ਹੈ। ਇਸੇ ਕਾਰਨ ਪੰਜਾਬ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ 8 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਹੈ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਅਤੇ ਮੰਗਾਂ ਦੇ ਪੱਕੇ ਹੱਲ ਲਈ ਕਾਲੇ ਝੰਡਿਆਂ ਨਾਲ ਵਿਧਾਨ ਸਭਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਰੋਸ ਜਤਾਇਆ ਕਿ ਨਾ ਤਾਂ ਅਜੇ ਤੱਕ 6ਵਾਂ ਪੇ-ਕਮਿਸ਼ਨ ਲਾਗੂ ਹੋਇਆ ਹੈ, ਨਾ ਹੀ 5ਵੇਂ ਪੇ-ਕਮਿਸ਼ਨ ਤਹਿਤ ਬਣਦਾ ਅਣਰਿਵਾਈਜ਼ਡ ਡੀ.ਏ. ਮਿਲਿਆ ਹੈ ਅਤੇ ਨਾ ਹੀ ਡੈੱਥ ਕੇਸਾਂ ਸਬੰਧੀ ਕੋਈ ਯੋਗ ਪਾਲਿਸੀ ਬਣਾਈ ਗਈ ਹੈ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਣਗਿਣਤ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਦੀ ਬੇਰੁੱਖੀ ਕਾਰਨ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹਨ ਅਤੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਕਨਵੀਨਰ ਵਿਸ਼ਾਲ ਬਿੰਨੀ, ਰਘੁਬੀਰ ਸਿੰਘ, ਰਮਨ ਵਸ਼ਿਸ਼ਟ, ਪਲਵਿੰਦਰ ਸਿੰਘ,ਰਣਜੀਤ ਸਿੰਘ ,ਸੁਮਿਤ ਦੱਤਾ, ਨਰਿੰਦਰ ਗਿਲਜੀਆਂ,ਨਰਿੰਦਰ ਸ਼ਰਮਾ,ਰਜਿੰਦਰ ਸਿੰਘ ,ਰਵਿੰਦਰ ਕੁਮਾਰ, ਨਰਿੰਦਰ ਸ਼ੇਰਗੜ੍ਹ,ਕਮਲ ਮਾਹੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।