ਪੰਜਾਬ ਦੀ ਸਿਆਸਤ 'ਚ ਨਵਾਂ ਮੋੜ ਸਾਬਤ ਹੋਵੇਗੀ ਬਰਨਾਲਾ ਰੈਲੀ : ਡਡਵਾਲ
ਪੰਜਾਬ ਦੀ ਸਿਆਸਤ 'ਚ ਨਵਾਂ ਮੋੜ ਸਾਬਤ ਹੋਵੇਗੀ ਬਰਨਾਲਾ ਰੈਲੀ - ਸੁਮਿਤ ਡਡਵਾਲ
Publish Date: Sat, 28 Feb 2026 05:33 PM (IST)
Updated Date: Sun, 01 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਵਿੱਚ ਬਰਨਾਲਾ ਵਿਖੇ ਹੋਣ ਵਾਲੀ ‘ਮਨਰੇਗਾ ਬਚਾਓ ਸੰਘਰਸ਼ ਮਹਾਂ ਰੈਲੀ’ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਸਾਬਤ ਹੋਵੇਗੀ ਤੇ ਇਹ ਰੈਲੀ ਨਾ ਸਿਰਫ਼ ਇਤਿਹਾਸਕ ਹੋਵੇਗੀ ਸਗੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਜਿੱਤ ਦਾ ਮੁੱਢ ਵੀ ਬੰਨ੍ਹੇਗੀ। ਇੱਥੇ ਸੀਨੀਅਰ ਕਾਂਗਰਸੀ ਆਗੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਪੀਪੀਸੀਸੀ ਮੈਂਬਰ ਸੁਮਿਤ ਡਡਵਾਲ ਨੇ ਬਰਨਾਲਾ ਰੈਲੀ ਲਈ ਰਵਾਨਾ ਹੋਣ ਸਮੇਂ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੈਲੀ ਦਾ ਮੁੱਖ ਮਕਸਦ ਮਨਰੇਗਾ ਮਜ਼ਦੂਰਾਂ ਨੂੰ ਬਚਾਉਣਾ ਅਤੇ ਭਾਰਤ-ਅਮਰੀਕਾ ਦਰਮਿਆਨ ਹੋਏ ਗ਼ਲਤ ਵਪਾਰਕ ਸਮਝੌਤੇ ਦੇ ਖ਼ਿਲਾਫ਼ ਕੇਂਦਰ ਸਰਕਾਰ ਨੂੰ ਘੇਰਨਾ ਹੈ। ਸੁਮਿਤ ਡਡਵਾਲ ਨੇ ਕਿਹਾ ਕਿ ਮਨਰੇਗਾ ਸਕੀਮ ਰਾਹੀਂ ਪਿੰਡਾਂ ਦੇ ਗਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ਪਰ ਮੌਜੂਦਾ ਸਰਕਾਰ ਵੱਲੋਂ ਇਸ ਦੇ ਫੰਡਾਂ ਵਿੱਚ ਕਟੌਤੀ ਕਰਕੇ ਮਜ਼ਦੂਰਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ, ਵਿਦੇਸ਼ੀ ਵਪਾਰਕ ਸਮਝੌਤਿਆਂ ਕਾਰਨ ਦੇਸੀ ਕਿਸਾਨਾਂ, ਛੋਟੇ ਵਪਾਰੀਆਂ ਅਤੇ ਉਦਯੋਗਾਂ ਨੂੰ ਨੁਕਸਾਨ ਝੱਲਣਾ ਪਵੇਗਾ ਜੋ ਕਿ ਦੇਸ਼ ਦੀ ਆਰਥਿਕਤਾ ਨੂੰ ਸਿੱਧਾ ਨੁਕਸਾਨ ਪਹੁੰਚਾਉਣਗੇ। ਇਸ ਲਈ ਸਮਾਂ ਰਹਿੰਦਿਆਂ ਇਨ੍ਹਾਂ ਦਾ ਵਿਰੋਧ ਕਰ ਕੇ ਰੱਦ ਕਰਵਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਦੀ ਰੈਲੀ ਰਾਹੀਂ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜਨ ਦਾ ਸੱਦਾ ਦੇਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਨਵੀਂ ਚੇਤਨਾ ਭਰ ਕੇ ਆਉਣ ਵਾਲੇ ਚੋਣੀ ਦੌਰ ਲਈ ਦਿਸ਼ਾ ਨਿਰਧਾਰਤ ਕਰੇਗੀ।