ਅਰਬਨ ਸਿਵਲ ਡਿਸਪੈਂਸਰੀ ਨਹਿਰ ਕਾਲੋਨੀ ’ਚ ਲਾਇਆ ਕੈਂਪ
ਅਰਬਨ ਸਿਵਲ ਡਿਸਪੈਂਸਰੀ ਨਹਿਰ ਕਲੋਨੀ ਵਿੱਚ ਨਸ਼ਾਖ਼ੋਰੀ ਬਾਰੇ ਜਨਤਕ ਕਾਉਂਸਲਿੰਗ ਅਤੇ ਹੈਲਪ ਡੈਸਕ
Publish Date: Sat, 28 Feb 2026 05:30 PM (IST)
Updated Date: Sun, 01 Mar 2026 04:05 AM (IST)

ਆਮ ਆਦਮੀ ਕਲੀਨਿਕ ਫੋਲੋਅਪ ’ਚ ਹੁਸ਼ਿਆਰਪੁਰ ਸੂਬੇ ਭਰ ’ਚ ਪਹਿਲੇ ਦਰਜੇ ’ਤੇ : ਡਾ. ਸੀਮਾ ਗਰਗ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਅਰਬਨ ਸਿਵਲ ਡਿਸਪੈਂਸਰੀ ਨਹਿਰ ਕਲੋਨੀ ਵਿਖੇ ਨਸ਼ਾਖ਼ੋਰੀ ਦੇ ਇਲਾਜ ਅਤੇ ਟੈਲੀਮਾਨਸ ਸਹੂਲਤ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਜਨਤਕ ਕਾਉਂਸਲਿੰਗ ਕੈਂਪ ਅਤੇ ਹੈਲਪ ਡੈਸਕ ਲਗਾਇਆ ਗਿਆ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਸੀਮਾ ਗਰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਹ ਹੈਲਪ ਡੈਸਕ ਡਾ. ਰੋਹਿਤ ਬਰੂਟਾ, ਸੀਨੀਅਰ ਮੈਡੀਕਲ ਅਫ਼ਸਰ, ਸੀ. ਐੱਚ. ਸੀ. ਮੰਡ ਪੰਧੇਰ ਸਹਿਤ ਨੋਡਲ ਅਫ਼ਸਰ ਅਰਬਨ ਆਮ ਆਦਮੀ ਕਲੀਨਿਕਸ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਦੌਰਾਨ ਲੋਕਾਂ ਨੂੰ ਨਸ਼ਾ ਛੁਡਾਉ ਇਲਾਜ, ਮਾਨਸਿਕ ਸਿਹਤ ਸੇਵਾਵਾਂ ਅਤੇ ਟੈਲੀਮਾਨਸ ਹੈਲਪਲਾਈਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰੋਜੈਕਟ ਇੰਚਾਰਜ ਨੇ ਕਿਹਾ ਕਿ ਨਸ਼ਾਖ਼ੋਰੀ ਇੱਕ ਮਾਨਸਿਕ ਬਿਮਾਰੀ ਹੈ ਅਤੇ ਇਸ ਦਾ ਇਲਾਜ਼ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮੁਫ਼ਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦੋ 15 ਬੈੱਡ ਵਾਲੇ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਚੱਲ ਰਹੇ ਹਨ, ਜਿੱਥੇ ਮਰੀਜ਼ਾਂ ਦਾ 15 ਤੋਂ 21 ਦਿਨ ਤੱਕ ਵਿਸ਼ੇਸ਼ਗਿਆਨ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ, ਹੁਸ਼ਿਆਰਪੁਰ ਵਿੱਚ 100 ਬੈੱਡ ਦੀ ਸਹੂਲਤ ਹੈ, ਜਿੱਥੇ ਮਰੀਜ਼ਾਂ ਨੂੰ 90 ਦਿਨ ਲਈ ਇਲਾਜ ਅਧੀਨ ਰੱਖਿਆ ਜਾਂਦਾ ਹੈ। ਇੱਥੇ ਮਰੀਜ਼ਾਂ ਨੂੰ ਰੋਜ਼ਗਾਰਮੁੱਖੀ ਤਰਬੀਅਤ ਜਿਵੇਂ ਕਿ ਕੁਕਿੰਗ, ਸੈਲੂਨ ਕੰਮ, ਜੈਵਿਕ ਖੇਤੀ, ਕੰਪਿਊਟਰ ਸਿੱਖਿਆ ਅਤੇ ਇਲੈਕਟ੍ਰੀਸ਼ਨ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਵਰਤਮਾਨ ਸਮੇਂ ਇਸ ਕੇਂਦਰ ਵਿੱਚ 184 ਮਰੀਜ਼ ਇਲਾਜ ਅਧੀਨ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 16 ਨਸ਼ਾ ਮੁਕਤੀ ਦਵਾਈ ਕੇਂਦਰ ਵੀ ਚੱਲ ਰਹੇ ਹਨ, ਜਿੱਥੇ ਮਰੀਜ਼ਾਂ ਨੂੰ ਬੁਪਰੋਨੋਰਫਿਨ-ਨੀਲਾਕਸਨ ਦਵਾਈ ਰੋਜ਼ਾਨਾ ਆਧਾਰ ’ਤੇ ਦਿੱਤੀ ਜਾਂਦੀ ਹੈ। ਇਹ ਦਵਾਈ ਨਿਰਧਾਰਿਤ ਸਮੇਂ ਅੰਦਰ ਹੌਲੀ-ਹੌਲੀ ਬੰਦ ਕੀਤੀ ਜਾਂਦੀ ਹੈ ਅਤੇ ਇਸ ਨਾਲ ਓਵਰਡੋਜ਼ ਦਾ ਖਤਰਾ ਨਹੀਂ ਹੁੰਦਾ। ਡਾ. ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 74 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿੱਥੇ ਮਰੀਜ਼ਾਂ ਨੂੰ ਮੁਫ਼ਤ ਟੈਸਟ, ਦਵਾਈਆਂ ਅਤੇ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਸਕੈਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਆਮ ਆਦਮੀ ਕਲੀਨਿਕ ਫੋਲੋਅਪ ਵਿੱਚ ਰਾਜ ਭਰ ਵਿੱਚ ਪਹਿਲੇ ਦਰਜੇ ’ਤੇ ਹੈ। ਇਸ ਦੌਰਾਨ ਡਾ. ਅਨਮੋਲ, ਦੀਪਿਕਾ ਆਦਿਆ, ਦੀਪਕ, ਪਰਮਜੀਤ ਕੌਰ, ਗੁਰਵਿੰਦਰ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।