ਗੰਨਾ ਮਿੱਲ ਮੁਕੇਰੀਆਂ ਵਿਖੇ ਮੈਡੀਕਲ ਕੈਂਪ ਲਾਇਆ
ਗੰਨਾ ਮਿੱਲ ਮੁਕੇਰੀਆਂ ਵਿਖੇ ਮੈਡੀਕਲ ਕੈਂਪ ਲਗਾਇਆ
Publish Date: Sat, 28 Feb 2026 05:23 PM (IST)
Updated Date: Sun, 01 Mar 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸਥਾਨਕ ਇੰਡੀਅਨ ਸਕਰੋਜ਼ ਲਿਮਿਟਡ (ਗੰਨਾ ਮਿੱਲ) ਵਿਖੇ ਧਾਨੁਕਾ ਐਗਰੀਟੈਕ ਲਿਮਿਟਡ ਅਤੇ ਡੀਐੱਨਆਰਐੱਸ ਐਸੋਸੀਏਸ਼ਨ ਫਗਵਾੜਾ ਦੇ ਸਾਂਝੇ ਉਪਰਾਲੇ ਨਾਲ ਇੱਕ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਮੈਡੀਕਲ ਕੈਂਪ ਦੀ ਅਗਵਾਈ ਮੀਤ ਪ੍ਰਧਾਨ (ਕੇਨ) ਸੰਜੇ ਸਿੰਘ ਅਤੇ ਗਰੁੱਪ ਮੁੱਖੀ (ਐੱਚਆਰ ਅਤੇ ਲੀਗਲ) ਅਮਿਤ ਚੰਦਰਾ ਵੱਲੋਂ ਕੀਤੀ ਗਈ। ਕੈਂਪ ਦੌਰਾਨ ਸੀਐੱਮਸੀ ਲੁਧਿਆਣਾ ਤੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਡਾਕਟਰਾਂ ਵੱਲੋਂ ਲਗਭਗ 200 ਕਿਸਾਨਾਂ, ਗੰਨਾ ਮਿੱਲ ਦੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀ ਵੱਖ-ਵੱਖ ਬਿਮਾਰੀਆਂ ਸਬੰਧੀ ਜਾਂਚ ਕੀਤੀ ਗਈ। ਇਸ ਦੇ ਨਾਲ-ਨਾਲ ਲੋੜ ਅਨੁਸਾਰ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਜਰੂਰੀ ਮੈਡੀਕਲ ਟੈਸਟ ਮੁਫ਼ਤ ਕੀਤੇ ਗਏ। ਜਾਂਚ ਉਪਰੰਤ ਮਰੀਜ਼ਾਂ ਨੂੰ ਸੰਬੰਧਿਤ ਬਿਮਾਰੀਆਂ ਲਈ ਮੁਫ਼ਤ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ, ਜਿਸ ਨਾਲ ਹਾਜ਼ਰ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ। ਇਸ ਸਮੇਂ ਮੀਤ ਪ੍ਰਧਾਨ (ਕੇਨ) ਸੰਜੇ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਾਨੁਕਾ ਐਗਰੀਟੈਕ ਲਿਮਿਟਡ ਤੇ ਡੀਐੱਨਆਰਐੱਸ ਐਸੋਸੀਏਸ਼ਨ ਫਗਵਾੜਾ ਸਮਾਜਿਕ ਜ਼ਿੰਮੇਵਾਰੀ ਨੂੰ ਸਿਰਫ਼ ਕਾਰੋਬਾਰ ਤੱਕ ਸੀਮਿਤ ਨਹੀਂ ਸਮਝਦੇ, ਸਗੋਂ ਕਿਸਾਨਾਂ ਅਤੇ ਮਜ਼ਦੂਰ ਵਰਗ ਦੀ ਭਲਾਈ ਨੂੰ ਆਪਣਾ ਮੁੱਖ ਫ਼ਰਜ਼ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਆਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੇ ਹਨ, ਕਿਉਂਕਿ ਇਸ ਨਾਲ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਸੰਭਵ ਹੋ ਸਕਦਾ ਹੈ। ਸੰਜੇ ਸਿੰਘ ਨੇ ਇਸ ਨੇਕ ਕਾਰਜ ਵਿੱਚ ਸਹਿਯੋਗ ਦੇਣ ਲਈ ਕੰਪਨੀ ਪ੍ਰਬੰਧਨ, ਸੀਐੱਮਸੀ ਲੁਧਿਆਣਾ ਦੇ ਡਾਕਟਰਾਂ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਗੰਨਾ ਮਿੱਲ ਮੁਕੇਰੀਆਂ ਵੱਲੋਂ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸਿਹਤ ਸੰਬੰਧੀ ਕੈਂਪ ਲਾਉਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਧਾਨੁਕਾ ਕੰਪਨੀ ਵੱਲੋਂ ਜੀਐੱਮ ਅਤੁੱਲ ਕੁਮਾਰ, ਡੀਐੱਨਆਰਐੱਸ ਐਸੋਸੀਏਸ਼ਨ ਵੱਲੋਂ ਰਾਜੀਵ ਪ੍ਰਭਾਕਰ ਅਤੇ ਸੰਜੀਵ ਪ੍ਰਭਾਕਰ ਸਮੇਤ ਵੱਡੀ ਗਿਣਤੀ ’ਚ ਕਿਸਾਨ, ਮਿੱਲ ਮੁਲਾਜ਼ਮ ਅਤੇ ਮਜ਼ਦੂਰ ਮੌਜੂਦ ਰਹੇ। ਮੌਜੂਦ ਲੋਕਾਂ ਨੇ ਇਸ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਅਜਿਹੇ ਕੈਂਪਾਂ ਦੀ ਨਿਰੰਤਰਤਾ ਦੀ ਮੰਗ ਕੀਤੀ।