ਪ੍ਰਾਚੀਨ ਸੋਮਨਾਥ ਜੋਤਿਰਲਿੰਗ ਦੇ ਅੰਸ਼ ਪਹਿਲੀ ਨੂੰ ਸਿਟੀ ਸੈਂਟਰ ’ਚ ਦਰਸ਼ਨਾਂ ਲਈ
ਹੁਸ਼ਿਆਰਪੁਰ ਲਈ ਵਿਸ਼ੇਸ਼ ਧਾਰਮਿਕ ਅਵਸਰ: ਪ੍ਰਾਚੀਨ ਸੋਮਨਾਥ ਜੋਤਿਰਲਿੰਗ ਦੇ ਅੰਸ਼ 1 ਮਾਰਚ ਨੂੰ ਸਿਟੀ ਸੈਂਟਰ ਵਿੱਚ ਦਰਸ਼ਨਾਂ ਲਈ
Publish Date: Sat, 28 Feb 2026 05:20 PM (IST)
Updated Date: Sun, 01 Mar 2026 04:04 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ 1 ਮਾਰਚ ਨੂੰ ਇਕ ਵਿਸ਼ੇਸ਼ ਧਾਰਮਿਕ ਸਮਾਗਮ ਆਯੋਜਿਤ ਹੋਣ ਜਾ ਰਿਹਾ ਹੈ। ਦਿ ਆਰਟ ਆਫ ਲਿਵਿੰਗ ਦੀ ਟ੍ਰੇਨਰ ਵੰਦਨਾ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਚੀਨ ਸੋਮਨਾਥ ਮੰਦਰ ਨਾਲ ਸਬੰਧਤ ਮੰਨੇ ਜਾਂਦੇ ਸੋਮਨਾਥ ਜੋਤਿਰਲਿੰਗ ਦੇ ਅੰਸ਼ ਸ਼ਹਿਰ ਦੇ ਸਿਟੀ ਸੈਂਟਰ ਵਿਖੇ ਦਰਸ਼ਨਾਂ ਲਈ ਲਿਆਂਦੇ ਜਾ ਰਹੇ ਹਨ। ਸ਼ਾਮ 4 ਵਜੇ ਤੋਂ ਭਗਤਾਂ ਲਈ ਦਰਸ਼ਨ ਸ਼ੁਰੂ ਹੋਣਗੇ। ਇਸ ਮੌਕੇ ਰੁਦਰ ਅਭਿਸ਼ੇਕ, ਸਤਿਸੰਗ ਤੇ ਲੰਗਰ ਦਾ ਵੀ ਆਯੋਜਨ ਕੀਤਾ ਜਾਵੇਗਾ। ਬਾਕਸ-- 1000 ਸਾਲਾਂ ਦਾ ਰਹੱਸਮਈ ਇਤਿਹਾਸ ਵੰਦਨਾ ਸੂਦ ਨੇ ਦੱਸਿਆ ਕਿ ਇਤਿਹਾਸਕ ਵਰਣਨਾਂ ਅਨੁਸਾਰ ਲਗਭਗ ਇਕ ਹਜ਼ਾਰ ਸਾਲ ਪਹਿਲਾਂ, 1024–1026 ਇਸਵੀ ਵਿੱਚ ਹਮਲਾਵਰ ਮਹਮੂਦ ਗਜ਼ਨਵੀ ਨੇ ਸੋਮਨਾਥ ਮੰਦਰ ਤੇ ਹਮਲਾ ਕਰਕੇ ਉੱਥੋਂ ਦੀ ਸੰਪਤੀ ਲੁੱਟੀ ਸੀ। ਮਾਨਤਾ ਹੈ ਕਿ ਉਸ ਦੌਰਾਨ ਹਵਾ ਵਿੱਚ ਲਹਿਰਾਉਣ ਵਾਲੇ ਚਮਤਕਾਰੀ ਪ੍ਰਾਚੀਨ ਜੋਤਿਰਲਿੰਗ ਦੇ ਟੁਕੜੇ ਕਰ ਦਿੱਤੇ ਸਨ। ਉਸ ਸਮੇਂ ਦੇ ਅਗਨੀਹੋਤਰੀ ਬ੍ਰਾਹਮਣ ਪੁਜਾਰੀਆਂ ਨੇ ਸ਼ਰਧਾ ਵਜੋਂ ਉਨ੍ਹਾਂ ਟੁਕੜਿਆਂ ਨੂੰ ਸੰਭਾਲ ਲਿਆ ਅਤੇ ਦੱਖਣ ਭਾਰਤ (ਕਰਨਾਟਕ) ਚਲੇ ਗਏ। ਉੱਥੇ ਉਨ੍ਹਾਂ ਨੇ ਇਨ੍ਹਾਂ ਅੰਸ਼ਾਂ ਤੋਂ 11 ਛੋਟੇ ਸ਼ਿਵਲਿੰਗ ਤਿਆਰ ਕੀਤੇ ਅਤੇ ਲਗਭਗ 900 ਸਾਲਾਂ ਤੱਕ ਗੁਪਤ ਰੂਪ ਵਿੱਚ ਇਨ੍ਹਾਂ ਦੀ ਪੂਜਾ ਕੀਤੀ। ਇਹ ਅਵਸ਼ੇਸ਼ ਕਈ ਪੀੜੀਆਂ ਤੱਕ ਗੁਪਤ ਰੂਪ ਵਿੱਚ ਸੰਭਾਲੇ ਗਏ ਅਤੇ ਉਨ੍ਹਾਂ ਦੀ ਪੂਜਾ ਅਰਚਨਾ ਜਾਰੀ ਰਹੀ। ਬਾਕਸ-- ਕਾਂਚੀ ਸ਼ੰਕਰਾਚਾਰੀਆ ਦੀ ਭਵਿੱਖਬਾਣੀ ਤੇ ਰਾਮ ਮੰਦਰ ਦਾ ਸਬੰਧ ਵੰਦਨਾ ਸੂਦ ਅਨੁਸਾਰ 900 ਸਾਲਾਂ ਬਾਅਦ ਪੁਜਾਰੀ ਕਾਂਚੀ ਦੇ ਸ਼ੰਕਰਾਚਾਰੀਆ ਕੋਲ ਗਏ, ਜਿੱਥੇ ਉਨ੍ਹਾਂ ਵੱਲੋਂ ਇਹ ਸਲਾਹ ਦਿੱਤੀ ਗਈ ਕਿ ਅੰਸ਼ਾਂ ਨੂੰ ਹੋਰ 100 ਸਾਲ ਤੱਕ ਗੁਪਤ ਰੱਖਿਆ ਜਾਵੇ। ਉਨ੍ਹਾਂ ਦੇ ਮੁਤਾਬਕ ਸ਼ੰਕਰਾਚਾਰੀਆ ਨੇ ਕਿਹਾ ਸੀ ਕਿ ਭਾਰਤ ਦੀ ਆਜ਼ਾਦੀ ਅਤੇ ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਇਹ ਅੰਸ਼ ਇੱਕ ਸੰਤ ਨੂੰ ਸੌਂਪੇ ਜਾਣ। ਇਸੇ ਕ੍ਰਮ ਵਿੱਚ ਜਨਵਰੀ 2025 ਵਿੱਚ ਪੁਜਾਰੀ ਸੀਤਾ ਰਾਮ ਅਗਨੀਹੋਤਰੀ ਨੇ ਇਹ ਅੰਸ਼ ਦ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਬੈਂਗਲੁਰੂ ਆਸ਼ਰਮ ਵਿੱਚ ਸੌਂਪ ਦਿੱਤੇ। ਬਾਕਸ-- ਵਿਗਿਆਨਿਕ ਪੱਖ : ਪੱਥਰ ’ਚ ਚੁੰਬਕੀ ਸ਼ਕਤੀ ਵੰਦਨਾ ਸੂਦ ਅਨੁਸਾਰ ਇਨ੍ਹਾਂ ਕੁੱਲ 11 ਅੰਸ਼ਾਂ ਨੂੰ ਦੇਸ਼ ਭਰ ਵਿੱਚ ਜੋਤਿਰਲਿੰਗ ਸਥਾਨਾਂ ਦੀ ਯਾਤਰਾ ਉਪਰੰਤ ਭਗਤਾਂ ਦੇ ਦਰਸ਼ਨਾਂ ਲਈ ਲਿਆਂਦਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੱਥਰ ਵਿਲੱਖਣ ਚੁੰਬਕੀ ਗੁਣਾਂ ਵਾਲਾ ਹੈ, ਜਿਸ ਬਾਰੇ ਪ੍ਰਾਰੰਭਿਕ ਅਧਿਐਨ ਵਿੱਚ ਰੁਚਿਕਰ ਤੱਥ ਸਾਹਮਣੇ ਆਏ ਹਨ। ਹਾਲਾਂਕਿ ਇਸ ਸਬੰਧੀ ਵਿਗਿਆਨਕ ਜਾਂਚ ਜਾਰੀ ਹੈ। ਵੰਦਨਾ ਸੂਦ ਨੇ ਕਿਹਾ ਕਿ 20 ਫਰਵਰੀ ਤੋਂ ਇਹ ਪਵਿੱਤਰ ਅੰਸ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਰਸ਼ਨਾਂ ਲਈ ਲਿਆਂਦੇ ਜਾ ਰਹੇ ਹਨ ਅਤੇ 1 ਮਾਰਚ ਨੂੰ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਦਰਸ਼ਨ ਦਾ ਮੌਕਾ ਮਿਲੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨ। ਆਯੋਜਕਾਂ ਮੁਤਾਬਕ ਦਰਸ਼ਨ ਲਈ ਰਜਿਸਟਰੇਸ਼ਨ ਲਾਜ਼ਮੀ ਹੋਵੇਗੀ, ਜੋ ਨਿਸ਼ੁਲਕ ਰਹੇਗੀ। ਸਮਾਗਮ ਨੂੰ ਸ਼ਹਿਰ ਲਈ ਇਕ ਮਹੱਤਵਪੂਰਨ ਧਾਰਮਿਕ ਅਵਸਰ ਵਜੋਂ ਦੇਖਿਆ ਜਾ ਰਿਹਾ ਹੈ।