ਪ੍ਰੀ-ਵੈਡਿੰਗ ਸ਼ੂਟ ਲਈ ਪੁਲਿਸ ਦੀ ਵਰਤੋਂ ਕਰਨਾ ਸ਼ਰਮਨਾਕ : ਖੰਨਾ
ਪ੍ਰੀ-ਵੈਡਿੰਗ ਸ਼ੂਟ ਲਈ ਪੁਲਿਸ ਦੀ ਵਰਤੋਂ ਕਰਨਾ ‘ਆਪ’ ਦਾ ਸ਼ਰਮਨਾਕ ਕਾਰਾ: ਅਵਿਨਾਸ਼ ਰਾਏ ਖੰਨਾ
Publish Date: Sat, 28 Feb 2026 04:57 PM (IST)
Updated Date: Sun, 01 Mar 2026 04:02 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕੁਝ ਆਗੂਆਂ ਵੱਲੋਂ ਪ੍ਰੀ-ਵੈਡਿੰਗ ਸ਼ੂਟ ਲਈ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਵਰਤੋਂ ਕਥਿਤ ਤੌਰ ’ਤੇ ਕਰਨ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜੋ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਹਨ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਰੱਖਿਆ ਲਈ ਬਣਾਈ ਗਈ ਪੁਲਿਸ ਫੋਰਸ ਦਾ ਇਸ ਤਰ੍ਹਾਂ ਨਿੱਜੀ ਮਕਸਦਾਂ ਲਈ ਇਸਤੇਮਾਲ ਕਰਨਾ ਸਰਕਾਰ ਦੀ ਗੰਭੀਰ ਨਾਕਾਮੀ ਦਰਸਾਉਂਦਾ ਹੈ। ਖੰਨਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਪਹਿਲਾਂ ਹੀ ਚਿੰਤਾਜਨਕ ਹੈ ਅਤੇ ਅਪਰਾਧ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਤੱਤ ਹੁਣ ਪੁਲਿਸ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ ਵਿੱਚ ਗੁਰਦਾਸਪੁਰ ਵਿੱਚ ਦੋ ਪੁਲਿਸ ਅਧਿਕਾਰੀਆਂ ਦੇ ਕਤਲ ਦੀ ਘਟਨਾ ਨੇ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਸੱਤਾਧਿਰ ਪਾਰਟੀ ਦੇ ਆਗੂ ਪੁਲਿਸ ਬਲ ਦੀ ਵਰਤੋਂ ਨਿੱਜੀ ਸਮਾਗਮਾਂ ਲਈ ਕਰਨਗੇ ਤਾਂ ਕਾਨੂੰਨ ਦੀ ਧਾਕ ਕਿਵੇਂ ਬਣੀ ਰਹੇਗੀ, ਇਹ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਸੱਤਾ ਦੇ ਸੁੱਖ ਭੋਗਣ ਵਿੱਚ ਰੁੱਝੀ ਹੋਈ ਹੈ ਅਤੇ ਪੰਜਾਬੀਆਂ ਦੀਆਂ ਉਮੀਦਾਂ ਨਾਲ ਧੋਖਾ ਕਰ ਰਹੀ ਹੈ। ਜਨਤਾ ਦੀਆਂ ਵੋਟਾਂ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਸੂਬੇ ਦੀ ਜਾਨ-ਮਾਲ ਦੀ ਸੁਰੱਖਿਆ ਦੀ ਬਜਾਏ ਆਪਣੇ ਆਗੂਆਂ ਦੀਆਂ ਇੱਛਾਵਾਂ ਕਥਿਤ ਤੌਰ ’ਤੇ ਪੂਰੀਆਂ ਕਰਨ ਵਿੱਚ ਲੱਗੀ ਹੋਈ ਹੈ। ਖੰਨਾ ਨੇ ਕਿਹਾ ਕਿ ਜਦੋਂ ਸੂਬੇ ਵਿੱਚ ਕਤਲ ਅਤੇ ਹੋਰ ਗੰਭੀਰ ਅਪਰਾਧ ਵੱਧ ਰਹੇ ਹਨ, ਉਸ ਵੇਲੇ ਪੁਲਿਸ ਬਲ ਨੂੰ ਪ੍ਰੀ-ਵੈਡਿੰਗ ਸ਼ੂਟ ਲਈ ਤਾਇਨਾਤ ਕਰਨਾ ਬਹੁਤ ਹੀ ਗਲਤ ਸੰਦੇਸ਼ ਦਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰੇ ਅਤੇ ਜਨਤਾ ਤੋਂ ਮੁਆਫ਼ੀ ਮੰਗੇ।