ਲੋੜਵੰਦਾਂ ਦੀ ਸਹਾਇਤਾ ਕਰ ਕੇ ਮਨਾਈ ਵਿਆਹ ਦੀ 46ਵੀਂ ਵਰ੍ਹੇਗੰਢ
ਲੋੜਵੰਦਾਂ ਦੀ ਸਹਾਇਤਾ ਕਰਕੇ ਕੁਲਦੀਪ ਸਿੰਘ ਪੱਤੀ ਨੇ ਮਨਾਈ ਵਿਆਹ ਦੀ 46ਵੀਂ ਵਰ੍ਹੇਗੰਢ
Publish Date: Sat, 28 Feb 2026 04:54 PM (IST)
Updated Date: Sun, 01 Mar 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਏਕ ਜੋਤ ਸੇਵਾ ਸੰਮਤੀ ਵੱਲੋਂ ਹੁਸ਼ਿਆਰਪੁਰ ਵਿਖੇ ਸੰਮਤੀ ਦੇ ਸਰਪਰਸਤ ਕੁਲਦੀਪ ਸਿੰਘ ਪੱਤੀ ਦੇ ਵਿਆਹ ਦੀ 46ਵੀਂ ਵਰ੍ਹੇਗੰਢ ਮੌਕੇ ਇਕ ਸਾਦਗੀਪੂਰਨ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਸੰਮਤੀ ਦੇ ਜਨਰਲ ਸਕੱਤਰ ਜਰਨੈਲ ਸਿੰਘ ਧੀਰ ਨੇ ਕੀਤੀ, ਜਦਕਿ ਕੁਲਦੀਪ ਸਿੰਘ ਪੱਤੀ ਅਤੇ ਉਨ੍ਹਾਂ ਦੀ ਧਰਮਪਤਨੀ ਕੁਲਵਿੰਦਰ ਕੌਰ ਪੱਤੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਕੁਲਦੀਪ ਸਿੰਘ ਪੱਤੀ ਵੱਲੋਂ ਇਕ ਲੋੜਵੰਦ ਲੜਕੀ ਨੂੰ ਸਕੂਲ ਫੀਸ ਲਈ 3100 ਰੁਪਏ ਅਤੇ 2100 ਰੁਪਏ ਦਾ ਰਾਸ਼ਨ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਇਕ ਲੜਕੇ ਨੂੰ ਦਵਾਈਆਂ ਵਾਸਤੇ 1100 ਰੁਪਏ ਭੇਟ ਕੀਤੇ ਗਏ। ਲੋੜਵੰਦ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ ਵਿਅਕਤੀਆਂ ਨੂੰ ਵੰਡਣ ਲਈ 30 ਨਵੇਂ ਕੋਟ ਵੀ ਰੋਟਰੀ ਕਲੱਬ ਦੇ ਮੈਂਬਰ ਨਰੇਸ਼ ਕੁਮਾਰ ਹਾਂਡਾ ਨੂੰ ਸੌਂਪੇ ਗਏ। ਸੰਮਤੀ ਮੈਂਬਰਾਂ ਨੇ ਕੁਲਦੀਪ ਸਿੰਘ ਪੱਤੀ ਅਤੇ ਕੁਲਵਿੰਦਰ ਕੌਰ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਆਪਣੇ ਸੰਬੋਧਨ ਵਿੱਚ ਕੁਲਦੀਪ ਸਿੰਘ ਪੱਤੀ ਨੇ ਕਿਹਾ ਕਿ ਸੰਮਤੀ ਪਿਛਲੇ 25 ਸਾਲਾਂ ਤੋਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਨਿਰੰਤਰ ਸਹਾਇਤਾ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਜਾਰੀ ਰਹੇਗੀ। ਜਰਨੈਲ ਸਿੰਘ ਧੀਰ, ਨਰੇਸ਼ ਕੁਮਾਰ ਹਾਂਡਾ ਅਤੇ ਸਮਾਜ ਸੇਵਿਕਾ ਮਧੂ ਸ਼ਰਮਾ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਕੇ ਵਿਆਹ ਦੀ ਵਰ੍ਹੇਗੰਢ ਮਨਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹ ਹੋਰਨਾਂ ਲਈ ਵੀ ਪ੍ਰੇਰਣਾ ਸਰੂਪ ਹੈ। ਉਨ੍ਹਾਂ ਕੁਲਦੀਪ ਸਿੰਘ ਪੱਤੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਰੋਹ ਦੌਰਾਨ ਸਮਾਜ ਸੇਵਾ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਢੱਕੋਵਾਲ, ਵਿਨੋਦ ਭੱਟੀ, ਕਮਲਜੀਤ ਸਿੰਘ (ਬਿੱਟੂ ਕਮਾਲਪੁਰ), ਪੂਜਾ ਪੱਤੀ, ਸ਼ਿਵਾਨੀ ਪੱਤੀ, ਏਕਜੋਤ ਪੱਤੀ, ਸੁਰਜੀਤ ਕੁਮਾਰ, ਸਨਮਪ੍ਰੀਤ ਸਿੰਘ ਮੌਤੀਆਂ ਸਮੇਤ ਰਿਸ਼ਤੇਦਾਰ ਅਤੇ ਸੰਮਤੀ ਦੇ ਮੈਂਬਰ ਹਾਜ਼ਰ ਸਨ।