ਖ਼ਾਲਸਾ ਕਾਲਜ ਗੜ੍ਹਦੀਵਾਲਾ ’ਚ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ
ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ 'ਅੰਗਰੇਜ਼ੀ ਸਾਹਿਤ ਵਿੱਚ ਸਮਕਾਲੀ ਰੁਝਾਨ' ਵਿਸ਼ੇ ਉੱਪਰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
Publish Date: Sat, 28 Feb 2026 04:35 PM (IST)
Updated Date: Sun, 01 Mar 2026 04:01 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਅੰਗਰੇਜ਼ੀ ਸਾਹਿਤ ’ਚ ਸਮਕਾਲੀ ਸਾਹਿਤਕ ਰੁਝਾਨ’ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਹਾਈਬ੍ਰਿਡ ਮੋਡ (ਆਨਲਾਈਨ ਤੇ ਆਫ਼ਲਾਈਨ) ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਅੰਗਰੇਜ਼ੀ ਸਾਹਿਤ ’ਚ ਉੱਭਰ ਰਹੀਆਂ ਨਵੀਆਂ ਧਾਰਨਾਵਾਂ, ਵਿਚਾਰਧਾਰਾਵਾਂ ਤੇ ਆਧੁਨਿਕ ਚਿੰਤਨਾਂ ਬਾਰੇ ਵਿਸਥਾਰ ਚਰਚਾ ਕਰਨਾ ਸੀ ਤਾਂ ਜੋ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਾਹਿਤ ਦੇ ਨਵੇਂ ਰੁਝਾਨਾਂ ਨਾਲ ਰੂਬਰੂ ਕਰਵਾਇਆ ਜਾ ਸਕੇ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਵਿਦਵਾਨਾਂ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਕਾਦਮਿਕ ਉਪਰਾਲੇ ਵਿਦਿਆਰਥੀਆਂ ’ਚ ਆਲੋਚਨਾਤਮਕ ਸੋਚ ਵਿਕਸਿਤ ਕਰਨ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਨਵੇਂ ਖੋਜੀ ਦ੍ਰਿਸ਼ਟੀਕੋਣ ਖੋਲ੍ਹਦੇ ਹਨ। ਕੈਮਿਸਟਰੀ ਵਿਭਾਗ ਦੇ ਮੈਡਮ ਡਾ. ਰਾਬਿਆ ਸ਼ਰਮਾ ਨੇ ਸੈਮੀਨਾਰ ਦੇ ਮੁੱਖ ਵਕਤਾ ਨਵਦੀਪ ਕੌਰ (ਮੁਖੀ ਅੰਗਰੇਜ਼ੀ ਵਿਭਾਗ, ਸਰਕਾਰੀ ਕਾਲਜ, ਹੁਸ਼ਿਆਰਪੁਰ) ਨਾਲ ਜਾਣ-ਪਛਾਣ ਕਰਵਾਉਂਦਿਆਂ ਸੈਮੀਨਾਰ ਦੀ ਵਿਸ਼ੇਸ਼ਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੁੱਖ ਵਕਤਾ ਨੇ ਕਿਹਾ ਕਿ ਸਮਕਾਲੀ ਅੰਗਰੇਜ਼ੀ ਸਾਹਿਤ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਤਬਦੀਲੀਆਂ ਦਾ ਦਰਪਣ ਹੈ। ਅੰਗਰੇਜ਼ੀ ਸਾਹਿਤ ’ਚ ਸਮਕਾਲੀ ਸਾਹਿਤਕ ਰੁਝਾਨ ਸਮਾਜਿਕ ਹਕੀਕਤਾਂ, ਪਛਾਣ, ਲਿੰਗ, ਜਾਤੀ ਤੇ ਗਲੋਬਲ ਮੁੱਦਿਆਂ ਨੂੰ ਕੇਂਦਰ ਬਣਾਉਂਦੇ ਹਨ। ਤਨਮੀਤ ਕੌਰ (ਅੰਗਰੇਜ਼ੀ ਵਿਭਾਗ, ਸਰਕਾਰੀ ਡਿਗਰੀ ਕਾਲਜ, ਰਾਮਨਗਰ, ਜੰਮੂ-ਕਸ਼ਮੀਰ) ਨੇ ਕਿਹਾ ਕਿ ਆਧੁਨਿਕ ਲੇਖਕ ਮਨੁੱਖੀ ਅਨੁਭਵਾਂ ਨੂੰ ਨਵੀਂ ਭਾਸ਼ਾ ਤੇ ਪ੍ਰਯੋਗਾਤਮਕ ਸ਼ੈਲੀਆਂ ਰਾਹੀਂ ਪੇਸ਼ ਕਰ ਰਹੇ ਹਨ। ਡਿਜੀਟਲ ਮੀਡੀਆ ਤੇ ਤਕਨਾਲੋਜੀ ਨੇ ਸਾਹਿਤ ਦੇ ਵਿਸ਼ਿਆਂ ਤੇ ਅਭਿਵਿਅਕਤੀ ਨੂੰ ਨਵਾਂ ਆਕਾਰ ਦਿੱਤਾ ਹੈ ਤੇ ਸਮਕਾਲੀ ਸਾਹਿਤ ’ਚ ਹਾਸ਼ੀਏ ’ਤੇ ਰਹਿੰਦੇ ਵਰਗਾਂ ਦੀ ਆਵਾਜ਼ ਨੂੰ ਵਿਸ਼ੇਸ਼ ਮਹੱਤਤਾ ਮਿਲ ਰਹੀ ਹੈ। ਇਹ ਰੁਝਾਨ ਅੰਗਰੇਜ਼ੀ ਸਾਹਿਤ ਨੂੰ ਹੋਰ ਵੀ ਵਿਸ਼ਾਲ, ਸੰਵੇਦਨਸ਼ੀਲ ਤੇ ਸਮਾਜ ਨਾਲ ਜੋੜਨ ਵਾਲਾ ਬਣਾ ਰਹੇ ਹਨ।