ਪ੍ਰਵਾਸੀ ਭਾਰਤੀਆਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਫਰਨੀਚਰ ਭੇਟ
ਪ੍ਰਵਾਸੀ ਭਾਰਤੀਆਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੈਂਸ ਖੁਰਦ ਨੂੰ ਫਰਨੀਚਰ ਭੇਟ
Publish Date: Fri, 27 Feb 2026 07:19 PM (IST)
Updated Date: Fri, 27 Feb 2026 07:22 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪਿੰਡ ਬੈਂਸ ਖੁਰਦ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਉਸ ਵੇਲੇ ਅਹਿਮ ਸਹਿਯੋਗ ਪ੍ਰਾਪਤ ਹੋਇਆ, ਜਦੋਂ ਪ੍ਰਵਾਸੀ ਭਾਰਤੀਆਂ ਵੱਲੋਂ ਸਕੂਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਹਿਮ ਯੋਗਦਾਨ ਦਿੱਤਾ ਗਿਆ। ਐੱਨਆਰਆਈ ਜਸਵੰਤ ਸਿੰਘ ਕੈਨੇਡਾ, ਰਣਜੀਤ ਸਿੰਘ ਇੰਗਲੈਂਡ, ਸੁਖਦੇਵ ਸਿੰਘ ਬੈਂਸ ਖੁਰਦ ਅਤੇ ਬਲਜੀਤ ਕੌਰ ਪਤਨੀ ਇੰਦਰਜੀਤ ਸਿੰਘ ਇਟਲੀ ਵੱਲੋਂ ਸਾਂਝੇ ਤੌਰ ‘ਤੇ ਦੋ ਅਲਮਾਰੀਆਂ, 12 ਕੁਰਸੀਆਂ ਅਤੇ ਦੋ ਮੇਜ਼ਾਂ ਸਕੂਲ ਨੂੰ ਸੌਂਪੀਆਂ ਗਈਆਂ। ਇਸ ਮੌਕੇ ਸਰਪੰਚ ਸਾਹਬ ਸਿੰਘ ਸਮੇਤ ਪੰਚਾਇਤ ਮੈਂਬਰ ਹਾਜ਼ਰ ਰਹੇ। ਸਮਾਗਮ ਦੌਰਾਨ ਰਮਨਦੀਪ ਸਿੰਘ ਧਾਮੀ, ਅਮਨਦੀਪ ਸਿੰਘ ਧਾਮੀ, ਮਨਦੀਪ ਕੌਰ ਪੰਚ, ਸਤਨਾਮ ਕੌਰ, ਬਲਾਕ ਰਿਸੋਰਸ ਪਰਸਨ ਰਜਿੰਦਰ ਸਿੰਘ, ਸੈਂਟਰ ਹੈੱਡ ਟੀਚਰ ਸੰਤੋਸ਼ ਕੁਮਾਰੀ ਅਤੇ ਸਕੂਲ ਇੰਚਾਰਜ ਪ੍ਰਵੀਨ ਗੁਲਿਆਨੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਆਂਗਨਵਾੜੀ ਵਰਕਰ ਹਰਭਜਨ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਸੋਨੀਆ, ਅਮਨਦੀਪ ਇੰਦਰਜੀਤ ਕੌਰ ਅਤੇ ਅਮਰਜੀਤ ਕੌਰ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਜਸਵੰਤ ਸਿੰਘ ਨੇ ਕਿਹਾ ਕਿ ਪਿੰਡ ਨਾਲ ਪਿਆਰ ਅਤੇ ਜੁੜਾਅ ਉਨ੍ਹਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੱਚਿਆਂ ਦੇ ਭਵਿੱਖ ਦੀ ਬੁਨਿਆਦ ਹੈ ਅਤੇ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣਾ ਸਾਡੀ ਜ਼ਿੰਮੇਵਾਰੀ ਹੈ। ਰਣਜੀਤ ਸਿੰਘ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਉਹ ਆਪਣੇ ਪਿੰਡ ਦੇ ਵਿਕਾਸ ਲਈ ਸਹਿਯੋਗ ਕਰਦੇ ਰਹਿਣਗੇ। ਬਲਜੀਤ ਕੌਰ ਨੇ ਕਿਹਾ ਕਿ ਚੰਗੀਆਂ ਸਹੂਲਤਾਂ ਨਾਲ ਬੱਚਿਆਂ ਵਿੱਚ ਆਤਮਵਿਸ਼ਵਾਸ ਵਧਦਾ ਹੈ, ਜਦਕਿ ਸੁਖਦੇਵ ਸਿੰਘ ਨੇ ਪਿੰਡ ਵਾਸੀਆਂ ਨੂੰ ਵੀ ਸਕੂਲ ਦੀ ਤਰੱਕੀ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਲਮਾਰੀਆਂ ਵਿੱਚ ਪਾਠ ਪੁਸਤਕਾਂ ਅਤੇ ਹੋਰ ਅਕਾਦਮਿਕ ਸਮੱਗਰੀ ਸੁਰੱਖਿਅਤ ਰੱਖੀ ਜਾ ਸਕੇਗੀ ਅਤੇ ਨਵੀਆਂ ਕੁਰਸੀਆਂ ਤੇ ਮੇਜ਼ਾਂ ਨਾਲ ਵਿਦਿਆਰਥੀਆਂ ਲਈ ਬੈਠਣ ਦੀ ਸਹੂਲਤ ਸੁਧਰੇਗੀ। ਇਸ ਮੌਕੇ ਸਕੂਲ ਸਟਾਫ ਅਤੇ ਪੰਚਾਇਤ ਵੱਲੋਂ ਐੱਨਆਰਆਈ ਦਾਨਦਾਤਾਵਾਂ ਦਾ ਧੰਨਵਾਦ ਕਰਦੇ ਹੋਏ ਇਸ ਉਪਰਾਲੇ ਨੂੰ ਪ੍ਰੇਰਨਾਦਾਇਕ ਕਦਮ ਕਰਾਰ ਦਿੱਤਾ ਗਿਆ।