ਨਸ਼ਾ ਵਿਰੋਧੀ ਮੁਹਿੰਮ : ਪੁਲਿਸ ਵੱਲੋਂ ਔਰਤ ਸਮੇਤ 6 ਵਿਅਕਤੀ ਗ੍ਰਿਫ਼ਤਾਰ
ਨਸ਼ਾ ਵਿਰੋਧੀ ਮੁਹਿੰਮ: ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ 6 ਵਿਅਕਤੀ ਗ੍ਰਿਫ਼ਤਾਰ
Publish Date: Fri, 27 Feb 2026 06:59 PM (IST)
Updated Date: Fri, 27 Feb 2026 07:01 PM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇੱਕ ਮਹਿਲਾ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਐੱਨਡੀਪੀਐੱਸ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਿਕ ਇੰਡਸਟ੍ਰੀਅਲ ਫੋਕਲ ਪੁਆਇੰਟ ਪੁਰਹੀਰਾਂ ਥਾਣੇ ਦੀ ਪੁਲਿਸ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ, ਜਦੋਂ ਸਕੀਮ ਨੰਬਰ 02 ਨੇੜੇ ਸੁੰਦਰ ਨਗਰ ਕੋਲ ਇੱਕ ਵਿਅਕਤੀ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਸੇਵਨ ਕਰਦਾ ਮਿਲਿਆ। ਜਿਸ ਦੀ ਪਛਾਣ ਰਿਸ਼ੂ ਪੁੱਤਰ ਮਨੋਹਰ ਲਾਲ ਵਾਸੀ ਰਿਸ਼ੀ ਨਗਰ ਹੁਸ਼ਿਆਰਪੁਰ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਉਸ ਪਾਸੋਂ ਸਿਲਵਰ ਵਰਕ ਦੀ ਪੰਨੀ, 10 ਰੁਪਏ ਦਾ ਨੋਟ ਅਤੇ ਲਾਈਟਰ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਗਸ਼ਤ ਦੌਰਾਨ ਮੋਨਾ ਕਲਾਂ ਨੇੜੇ ਦੋ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਨਸ਼ਾ ਸੇਵਨ ਕਰਦੇ ਦੇਖਿਆ। ਪੁਲਿਸ ਅਨੁਸਾਰ ਕਾਬੂ ਕਰਨ ਉਪਰੰਤ ਉਨ੍ਹਾਂ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੋਨਾ ਕਲਾਂ ਅਤੇ ਸੰਜੇ ਮਹਿਰਾ ਪੁੱਤਰ ਅਮਰ ਚੰਦ ਵਾਸੀ ਮੋਨਾ ਖੁਰਦ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਦੋਵਾਂ ਪਾਸੋਂ ਸਿਲਵਰ ਵਰਕ ਦੀਆਂ ਪੰਨੀਆਂ, ਲਾਈਟਰ ਅਤੇ 10/10 ਰੁਪਏ ਦੇ ਨੋਟ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਡੋਪ ਟੈਸਟ ਦੌਰਾਨ ਕਥਿਤ ਤੌਰ ’ਤੇ ਪਾਜ਼ੇਟਿਵ ਪਾਏ ਜਾਣ ’ਤੇ ਗ੍ਰਿਫ਼ਤਾਰ ਕੀਤਾ। ਜਿਸ ਦੀ ਪਛਾਣ ਰਿੰਕੂ ਰਾਮ ਪੁੱਤਰ ਜਗਦੀਸ਼ ਸਿੰਘ ਵਾਸੀ ਅਸਲਾਮਾਬਾਦ, ਹੁਸ਼ਿਆਰਪੁਰ ਵਜੋਂ ਹੋਈ। ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਕਾਰ ਪਾਰਕਿੰਗ ਨੇੜੇ ਲੇਬਰ ਸ਼ੈੱਡ ਵਿੱਚ ਇੱਕ ਨੌਜਵਾਨ ਲੜਕੀ ਨੂੰ ਕਥਿਤ ਤੌਰ ’ਤੇ ਨਸ਼ਾ ਸੇਵਨ ਕਰਦੇ ਕਾਬੂ ਕੀਤਾ। ਜਿਸ ਦੀ ਪਛਾਣ ਪ੍ਰਿਆ ਪਤਨੀ ਸਾਗਰ ਵਾਸੀ ਨਵੀਂ ਅਬਾਦੀ, ਹੁਸ਼ਿਆਰਪੁਰ ਵਜੋਂ ਹੋਈ। ਪੁਲਿਸ ਮੁਤਾਬਕ ਉਸ ਪਾਸੋਂ ਲਾਈਟਰ, ਨਸ਼ੀਲੇ ਪਦਾਰਥ ਨਾਲ ਲੱਗੀ ਪੰਨੀ ਅਤੇ 10 ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਹੋਇਆ। ਇਸ ਤੋਂ ਇਲਾਵਾ ਥਾਣਾ ਦਸੂਹਾ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ। ਜਿਸ ਦੀ ਪਛਾਣ ਚਰਨਵੀਰ ਸਿੰਘ ਉਰਫ਼ ਸ਼ਨੀ ਪੁੱਤਰ ਪਰਮਜੀਤ ਸਿੰਘ ਵਾਸੀ ਵੇਰਛਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਉਸ ਪਾਸੋਂ ਨਸ਼ਾ ਕਰਨ ਲਈ ਵਰਤੀ ਸਰਿੰਜ ਅਤੇ ਨੀਡਲ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ।