ਪਾਵਰਕਾਮ ਠੇਕਾ ਮੁਲਾਜ਼ਮਾਂ ਤੇ ਸਾਂਝੇ ਫੋਰਮ ਵੱਲੋਂ ਗੇਟ ਰੈਲੀ
ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਪੁੱਡਾ ਨੂੰ ਦੇਣ ਦੇ ਵਿਰੋਧ ਵਿੱਚ ਪਾਵਰਕਾਮ ਸੀ ਐਚ
Publish Date: Fri, 27 Feb 2026 06:56 PM (IST)
Updated Date: Fri, 27 Feb 2026 06:58 PM (IST)

- ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਪੁੱਡਾ ਨੂੰ ਦੇਣ ਦਾ ਕੀਤਾ ਵਿਰੋਧ - ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ, ਸਰਕਾਰ ਨੂੰ ਤਾਨਾਸ਼ਾਹੀ ਰਵੱਈਆ ਛੱਡਣ ਦੀ ਅਪੀਲ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪਾਵਰਕਾਮ ਸੀਐੱਚਬੀ ਠੇਕਾ ਮੁਲਾਜ਼ਮ, ਏਕਤਾ ਮੰਚ ਪੰਜਾਬ ਅਤੇ ਜੁਆਇੰਟ ਫੋਰਮ ਵੱਲੋਂ ਖੰਡ ਮਿੱਲ ਸ਼ੇਰੋਂ (ਤਰਨਤਾਰਨ) ਦੀ ਜ਼ਮੀਨ ਦੀ ਮਾਲਕੀ ਪੁੱਡਾ ਨੂੰ ਤਬਦੀਲ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਇੱਥੇ ਗੇਟ ਰੈਲੀ ਕਰ ਕੇ ਰੋਸ ਪ੍ਰਗਟਾਇਆ ਗਿਆ। ਰੈਲੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਉੱਪਰ ਹੋਈ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ, ਸਿਟੀ ਡਵੀਜ਼ਨ ਪ੍ਰਧਾਨ ਅਜੀਤ ਪਾਲ ਸਿੰਘ, ਸਿਟੀ ਡਵੀਜ਼ਨ ਸਕੱਤਰ ਮਨੀਸ਼ ਸੈਣੀ, ਸਿਵਲ ਲਾਈਨ ਸਬ ਡਵੀਜ਼ਨ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਜਲੰਧਰ ਜ਼ੋਨ ਦੇ ਸਹਾਇਕ ਸਕੱਤਰ ਸੁਨੀਲ ਕੁਮਾਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਵੀ ਪਾਵਰਕਾਮ ਦੀਆਂ ਜ਼ਮੀਨਾਂ ਪੁੱਡਾ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ, ਜਿਸ ’ਤੇ ਉੱਚ ਅਦਾਲਤ ਵੱਲੋਂ ਪਾਬੰਦੀ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਹੋਰ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਸੰਘਰਸ਼ੀ ਜਥੇਬੰਦੀਆਂ ਵੱਲੋਂ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਬਚਾਉਣ ਲਈ ਕੀਤੇ ਜਾ ਰਹੇ ਸ਼ਾਂਤਮਈ ਧਰਨਿਆਂ ਵਿੱਚ ਸ਼ਾਮਲ ਕਿਸਾਨ ਆਗੂਆਂ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਗ੍ਰਿਫ਼ਤਾਰੀ ਗੈਰ-ਜਾਇਜ਼ ਹੈ ਅਤੇ ਜਮਹੂਰੀ ਹੱਕਾਂ ਦੇ ਖ਼ਿਲਾਫ਼ ਹੈ। ਰੈਲੀ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰ ਰਹੀ ਹੈ ਅਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਉੱਪਰ ਤਾਨਾਸ਼ਾਹੀ ਢੰਗ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਸੀਐੱਚਬੀ ਠੇਕਾ ਮੁਲਾਜ਼ਮ, ਏਕਤਾ ਮੰਚ ਪੰਜਾਬ, ਜੁਆਇੰਟ ਫੋਰਮ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਇਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹਨ। ਸਮੂਹ ਜਥੇਬੰਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਇਕੱਠੇ ਹੋ ਕੇ ਸਾਂਝਾ ਸੰਘਰਸ਼ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਾਨਾਸ਼ਾਹੀ ਰਵੱਈਆ ਛੱਡ ਕੇ ਜਥੇਬੰਦੀਆਂ ਨਾਲ ਗੱਲਬਾਤ ਕਰੇ ਅਤੇ ਕਿਸਾਨਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੱਢੇ।