10 ਦਿਨ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਕਾਲੇਵਾਲ ਬੀਤ ਵਾਸੀ
10 ਦਿਨ ਤੋਂ ਪੀਣ ਵਾਲੇ ਪਾਣੀ ਤੋਂ ਪਿਆਸੇ ਕਾਲੇਵਾਲ ਬੀਤ ਦੇ ਵਾਸੀ
Publish Date: Fri, 27 Feb 2026 06:20 PM (IST)
Updated Date: Fri, 27 Feb 2026 06:22 PM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਗਰਮੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬੀਤ ਇਲਾਕੇ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਪਾਣੀ ਦੀ ਸਮੱਸਿਆ ਨਾਲ ਪਿਛਲੇ 10 ਦਿਨ ਤੋਂ ਜੂਝ ਰਹੇ ਪਿੰਡ ਕਾਲੇਵਾਲ ਬੀਤ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਇਧਰ ਉਧਰ ਭਟਕਣਾ ਪੈ ਰਿਹਾ ਹੈ। ਜਿੱਥੇ ਲੋਕ ਪਿਛਲੇ 10 ਦਿਨਾਂ ਤੋਂ ਪੀਣ ਵਾਲਾ ਪਾਣੀ ਲਾਗਲੇ ਪਿੰਡ ਸੀਹਵਾਂ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਤੋ ਲਿਆ ਰਹੇ ਹਨ। ਕਾਲੇਵਾਲ ਬੀਤ ਦੇ ਨੌਜਵਾਨਾਂ ਜਸਕਰਨ ਦਿਆਲ, ਲਾਡੀ ਪੰਡਤ, ਅਰਸ਼ ਦਿਆਲ, ਰਾਜਿੰਦਰ ਝੋਨਾ, ਸਾਬਕਾ ਫੌਜੀ ਵਿਨੋਦ ਰਾਣਾ ਦੀ ਅਗਵਾਈ ਵਿੱਚ ਟੈਂਕਰਾਂ ਨਾਲ ਪਿੰਡ ਵਿੱਚ ਪਾਣੀ ਦੀ ਸਪਲਾਈ ਨੂੰ ਕੁਝ ਹੱਦ ਤਕ ਸੰਚਾਰੂ ਚਲਾਇਆ। ਨੌਜਵਾਨਾਂ ਦੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਨਹੀਂ ਹੋ ਰਹੀ ਅਤੇ ਸਮਸਿਆ ਆਏ ਦਿਨ ਆਉਂਦੀ ਰਹਿੰਦੀ ਹੈ ਪਰ ਇਸ ਦਾ ਕੋਈ ਸਥਾਈ ਹੱਲ ਨਹੀਂ ਹੋ ਰਿਹਾ। - ਸਮਾਜ ਸੇਵੀ ਨੌਜਵਾਨ ਆਗੂ ਨੇ ਸਰਕਾਰ ਦੀਆਂ ਨੀਤੀਆਂ ਨੂੰ ਗਲਤ ਦੱਸਿਆ ਉੱਘੇ ਸਮਾਜ ਸੇਵੀ ਅਲੋਕ ਰਾਣਾ ਨੇ ਦੱਸਿਆ ਕੇ 2015-16 ਤੋਂ ਪੰਜਾਬ ਸਰਕਾਰ ਨੇ ਆਪਣਾ ਪੱਲਾ ਝਾੜ ਕੇ ਬੀਤ ਇਲਾਕੇ ਦੀਆਂ ਵਾਟਰ ਵਰਕਸ ਸਕੀਮਾਂ ਪੰਚਾਇਤਾਂ ਨੂੰ ਦਿੱਤੀਆਂ ਹਨ, ਉਦੋਂ ਤੋਂ ਹੀ ਬੀਤ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਧ ਚੁੱਕੀ ਹੈ ਕਿਉਕਿ ਪਿੰਡਾਂ ਦੀਆਂ ਵਾਟਰ ਸਪਲਾਈ ਕਮੇਟੀਆਂ ਅਤੇ ਪੰਚਾਇਤਾਂ ਇਨ੍ਹਾਂ ਵੱਡੇ ਵਾਟਰ ਪ੍ਰਾਜੈਕਟਾਂ ਨੂੰ ਚਲਾਉਣ ਵਿੱਚ ਅਸਮਰੱਥ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਾਟਰ ਵਰਕਸ ਸਕੀਮਾਂ ਨੂੰ ਆਪਣੇ ਅਧੀਨ ਲੈਣ ਜਾ ਸਪੈਸ਼ਲ ਗ੍ਰਾਂਟ ਬੀਤ ਦੇ ਪਿੰਡਾਂ ਦੇ ਵਾਟਰ ਸਪਲਾਈ ਪ੍ਰਾਜੈਕਟ ਲਈ ਜਾਰੀ ਕੀਤੀ ਜਾਵੇ। ਇਸ ਮੌਕੇ ਕਾਲੇਵਾਲ ਬੀਤ ਤੋਂ ਸਾਬਕਾ ਫੌਜੀ ਵਿਨੋਦ ਰਾਣਾ ਨੇ ਕਿਹਾ ਕੇ ਕਾਲੇਵਾਲ ਬੀਤ ਦੀ ਪਾਈਪ ਲਾਈਨ 20-25 ਸਾਲ ਪੁਰਾਣੀ ਹੋਣ ਕਾਰਨ ਪਾਈਪ ਲੀਕ ਹੋਣ ਨਾਲ ਨਾਲੀਆ ਦਾ ਗੰਦਾ ਪਾਣੀ ਪੀਣ ਵਾਲੀਆਂ ਪਾਈਪਾਂ ਵਿੱਚ ਜਾ ਰਿਹਾ ਹੈ ਜਿਸ ਨਾਲ ਕਾਲੇਵਾਲ ਬੀਤ ਵਿਚ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗਣ ਦਾ ਡਰ ਹੈ। ਪੰਚਾਇਤ ਵਾਟਰ ਸਪਲਾਈ ਪ੍ਰਾਜੈਕਟ ਨੂੰ ਠੀਕ ਕਰਨ ’ਚ ਲੱਗੀ : ਸਰਪੰਚ ਇਸ ਬਾਰੇ ਸਰਪੰਚ ਪਰਵੀਨ ਕੁਮਾਰੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੰਚਾਇਤ ਵਾਟਰ ਸਪਲਾਈ ਪ੍ਰਾਜੈਕਟ ਨੂੰ ਠੀਕ ਕਰਨ ਵਿੱਚ ਲੱਗੀ ਹੋਈ ਹੈ। ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਸਮੱਸਿਆ ਦਾ ਜਲਦੀ ਹੱਲ ਕਰ ਲਿਆ ਜਾਵੇਗਾ।