ਪਟਵਾਰੀ ਦੀ ਯਾਦ ’ਚ ਵਜੀਫਾ ਵੰਡ ਸਮਾਗਮ ਅੱਜ
ਸਵਰਗੀ ਅਵਤਾਰ ਸਿੰਘ ਬੈਂਸ ਪਟਵਾਰੀ ਦੀ ਯਾਦ ‘ਚ ਵਜੀਫਾ ਵਿਤਰਣ ਸਮਾਗਮ 28 ਫਰਬਰੀ ਨੂੰ
Publish Date: Fri, 27 Feb 2026 06:03 PM (IST)
Updated Date: Fri, 27 Feb 2026 06:07 PM (IST)

ਕਮਲ, ਪੰਜਾਬੀ ਜਾਗਰਣ ਹਰਿਆਣਾ : ਪਿੰਡ ਕੋਟਲਾ ਨੌਧ ਸਿੰਘ ਨੂੰ ਦੇਸ਼ ਦੀ ਆਜ਼ਾਦੀ ਲਈ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ, ਗਦਰੀ ਬਾਬਾ ਅਮਰ ਸਿੰਘ, ਗਦਰੀ ਬਾਬਾ ਸ਼ਿਵ ਸਿੰਘ ਤੇ ਬੱਬਰ ਅਕਾਲੀ ਚੰਨਣ ਸਿੰਘ ਬੈਂਸ ਵਰਗੇ ਦੇਸ਼ ਭਗਤ ਸੂਰਮੇ ਪੈਦਾ ਕਰਨ ਦਾ ਮਾਣ ਹਾਸਿਲ ਹੈ। ਦੇਸ਼ ਦੀ ਆਜ਼ਾਦੀ ਲਈ ਪੰਜਾਬ ‘ਚ ਗਦਰ ਲਹਿਰ ਲਈ ਦਲੇਰੀ ਨਾਲ ਕੰਮ ਕਰਨ ਵਾਲੀ ਗਦਰੀ ਗੁਲਾਬ ਕੌਰ ਨੇ ਵੀ ਲੰਮਾਂ ਸਮਾਂ ਗਦਰੀ ਬਾਬੇ ਅਮਰ ਸਿੰਘ ਦੇ ਘਰ ਰਹਿ ਕੇ ਆਪਣੇ ਕਾਰਜਾਂ ਨੂੰ ਅੰਜਾਮ ਦਿੱਤਾ ਤੇ ਇੱਥੇ ਹੀ ਆਖਰੀ ਸਾਹ ਲਏ ਸਨ। ਆਪਣੇ ਪੁਰਖਿਆ ਗਦਰੀ ਬਾਬਾ ਅਮਰ ਸਿੰਘ ਬੱਬਰ ਅਕਾਲੀ ਚੰਨਣ ਸਿੰਘ ਬੈਂਸ ਤੇ ਗਦਰੀ ਗੁਲਾਬ ਕੌਰ ਦੀ ਦੇਸ਼ ਲਈ ਕੁਰਬਾਨੀ ਕਰਨ ਦੀ ਮਹਾਨ ਵਿਰਾਸਤ ਤੋਂ ਸੇਧ ਲੈਂਦਿਆਂ ਹੀ ਕੋਟਲਾ ਨੌਧ ਸਿੰਘ ਦੇ ਜੰਮਪਲ ਸਵ. ਅਵਤਾਰ ਸਿੰਘ ਬੈਂਸ ਪਟਵਾਰੀ ਨੇ ਵੀ ਕਰੀਬ ਢਾਈ ਦਹਾਕਿਆਂ ਤੋਂ ਕੈਨੇਡਾ ਦੀ ਖੁਸ਼ਹਾਲ ਜ਼ਿੰਦਗੀ ਮਾਣਦਿਆਂ ਵੀ ਆਪਣੇ ਜੱਦੀ ਪਿੰਡ ਕੋਟਲਾ ਨੌਧ ਸਿੰਘ ਦੀ ਮਿੱਟੀ ਨਾਲ ਮੋਹ, ਸਰਕਾਰੀ ਸਕੂਲ ਦੀ ਬਿਹਤਰੀ ਤੇ ਲੋਕ ਸੇਵਾ ਦਾ ਜ਼ਜ਼ਬਾ ਕਾਇਮ ਰੱਖਿਆ। ਅਵਤਾਰ ਸਿੰਘ ਬੈਂਸ ਨੇ ਕਰੀਬ 18 ਸਾਲ ਫੌਜ ਵਿੱਚ ਨੌਕਰੀ ਕੀਤੀ ਤੇ ਪਿੱਛੋਂ ਲਗਭਗ 17 ਸਾਲ ਹਰਿਆਣਾ ਤੇ ਭੁੰਗਾ ਇਲਾਕੇ ‘ਚ ਬਤੌਰ ਪਟਵਾਰੀ ਸੇਵਾਵਾਂ ਨਿਭਾਈਆਂ। ਸੰਨ 1996 ‘ਚ ਆਪ ਵੀ ਪਰਿਵਾਰ ਸਮੇਤ ਕੈਨੇਡਾ ‘ਚ ਸੈਟਲ ਹੋ ਗਏ। ਆਪਦੇ ਦੋ ਬੇਟੇ ਸੁਖਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਕੈਨੇਡਾ ਅਤੇ ਤੀਜਾ ਬੇਟਾ ਗੁਰਵਿੰਦਰ ਸਿੰਘ, ਬੇਟੀਆਂ ਬਲਜਿੰਦਰ ਕੌਰ ਤੇ ਕੁਲਜੀਤ ਕੌਰ ਅਮਰੀਕਾ ਸੈਟਲ ਹਨ। ਆਪਨੇ ਆਪਣੇ ਦੇਸ਼ ਭਗਤ ਵਡੇਰਿਆਂ ਦੀ ਯਾਦ ‘ਚ ਪਿੰਡ ਦੇ ਬਾਹਰਵਾਰ ਯਾਦਗਾਰੀ ਗੇਟ ਦਾ ਨਿਰਮਾਣ, ਸਰਕਾਰੀ ਸੀ ਸੈਕੰਡਰੀ ਸਕੂਲ ਦੇ ਦਫਤਰ, ਸਕੂਲ ‘ਚ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦੇ ਬੋਰ ਦਾ ਪ੍ਰਬੰਧ ਕਰਵਾਇਆ। ਵਿਦਿਆਰਥੀਆਂ ਨੂੰ ਸਿੱਖਿਆ ਵਾਸਤੇ ਉਤਸ਼ਾਹਿਤ ਕਰਨ ਲਈ ਅਵਤਾਰ ਸਿੰਘ ਨੇ ਪਿੰਡ ਦੇ ਸਰਕਾਰੀ ਸਕੂਲ ‘ਚ ਪਹਿਲੀ ਤੋਂ ਬਾਹਰਵੀਂ ਜਮਾਤ ਤਕ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਕਰੀਬ 50 ਹਜ਼ਾਰ ਦੀ ਰਾਸ਼ੀ ਵਜ਼ੀਫ਼ੇ ਵਜੋ ਵੰਡਣ ਦੀ ਰੀਤ ਸ਼ੁਰੂ ਕੀਤੀ ਜੋ ਹਾਲੇ ਤਕ ਜਾਰੀ ਹੈ। ਕੈਨੇਡਾ ਵਿੱਚ ਸੈਟਲ ਹੋਣ ਦੇ ਬਾਵਜੂਦ ਬੈਂਸ ਦੀ ਆਪਣੇ ਪਿੰਡ ਤੇ ਇਲਾਕੇ ਨਾਲ ਗੂੜੀ ਸਾਂਝ ਤੇ ਆਪਣੀ ਮਿੱਟੀ ਨਾਲ ਸੱਚੀ ਮੁਹੱਬਤ ਹਮੇਸ਼ਾ ਬਰਕਰਾਰ ਰਹੀ। ਉਹ ਆਪਣੀ ਵਤਨ ਫੇਰੀ ਦੌਰਾਨ ਹਰ ਵਾਰੀ ਸਮਾਜ ਭਲਾਈ ਦਾ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਸਨ। ਬੈਂਸ ਨੇ ਆਪਣੇ ਪਰਿਵਾਰ ਦੇ ਗਦਰੀ ਬਾਬੇ ਅਮਰ ਸਿੰਘ, ਗਦਰੀ ਗੁਲਾਬ ਕੌਰ ਤੇ ਬੱਬਰ ਅਕਾਲੀ ਚੰਨਣ ਸਿੰਘ ਬੈਂਸ ਸ਼ਹੀਦ ਵਾਰੇ ਵੇਰਵਿਆਂ ਨੂੰ ਕਲਮਬੰਦ ਵੀ ਕਰਵਾਇਆ। ਉਹ ਜੂਨ 2019 ਨੂੰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਵਰਗੀ ਅਵਤਾਰ ਸਿੰਘ ਬੈਂਸ ਪਟਵਾਰੀ ਦੀ ਯਾਦ ਨੂੰ ਸਦੀਵਤਾ ਦੇਣ ਲਈ ਉਨ੍ਹਾਂ ਦੀ ਪਤਨੀ ਗੁਰਮੇਜ਼ ਕੌਰ ਤੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਵੱਲੋਂ ਫਰਬਰੀ 2020 ਤੋਂ ਹੀ ਪਿੰਡ ਦੇ ਸਰਕਾਰੀ ਸਕੂਲ ਦੇ ਪਹਿਲੀ ਤੋਂ 11 ਵੀ ਜਮਾਤ ਤਕ ਤੇ ਸਿੱਖਿਆ ਸਹਾਇਕ ਸਰਗਰਮੀਆਂ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਾਲਾਨਾ ਵਜੀਫਾ ਰਾਸ਼ੀ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ ਇੱਕ ਲੱਖ ਰੁਪਏ ਕਰ ਦਿੱਤਾ ਗਿਆ। ਸਵਰਗੀ ਅਵਤਾਰ ਸਿੰਘ ਬੈਂਸ ਪਟਵਾਰੀ ਦੀ ਯਾਦ ’ਚ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਗੁਰਮੇਜ ਕੌਰ ਦੀ ਅਗਵਾਈ ਵਿੱਚ ਇੱਕ ਲੱਖ ਰੁਪਏ ਦਾ ਸਾਲਾਨਾ ਵਜੀਫਾ ਵਿਤਰਣ ਸਮਾਗਮ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਸਸ ਸਕੂਲ ਵਿਖੇ 28 ਫਰਵਰੀ ਸ਼ਨਿਚਰਵਾਰ ਨੂੰ ਹੋਵੇਗਾ।