ਸ਼ਰਧਾ ਤੇ ਭਾਵੁਕਤਾ ਨਾਲ ਸੰਪੰਨ ਹੋਈ ਸ਼੍ਰੀਮਦ ਭਾਗਵਤ ਕਥਾ
ਸ਼ਰਧਾ ਅਤੇ ਭਾਵੁਕਤਾ ਨਾਲ ਸੰਪੰਨ ਹੋਈ ਸ਼੍ਰੀ ਮਦ ਭਾਗਵਤ ਕਥਾ; ਸੁਦਾਮਾ ਦਾ ਪ੍ਰਸੰਗ ਸੁਣ ਸ਼ਰਧਾਲੂਆਂ ਦੀਆਂ ਅੱਖਾਂ ਹੋਈਆਂ ਨਮ
Publish Date: Fri, 27 Feb 2026 05:58 PM (IST)
Updated Date: Fri, 27 Feb 2026 06:01 PM (IST)

- ਸੁਦਾਮਾ ਦਾ ਪ੍ਰਸੰਗ ਸੁਣ ਸ਼ਰਧਾਲੂਆਂ ਦੀਆਂ ਅੱਖਾਂ ਹੋਈਆਂ ਨਮ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬ੍ਰਹਮਰਿਸ਼ੀ ਨੰਦ ਕਿਸ਼ੋਰ ਸ਼ਾਸਤਰੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼੍ਰੀ ਨੰਦ ਅੰਨਪੂਰਨਾ ਚੈਰੀਟੇਬਲ ਸੁਸਾਇਟੀ ਵੱਲੋਂ ਕਰਵਾਈ ਸ਼੍ਰੀ ਰੁਦਰ ਚੰਡੀ ਮਹਾਂਯੱਗ ਦੌਰਾਨ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਸ਼ਰਧਾ ਅਤੇ ਭਾਵਨਾਤਮਕ ਮਾਹੌਲ ਵਿੱਚ ਸੰਪੰਨ ਹੋਈ। ਕਥਾ ਦੇ ਸਮਾਪਨ ਮੌਕੇ ਸੁਦਾਮਾ ਦੇ ਚਰਿੱਤਰ ਦਾ ਵਰਣਨ ਸੁਣ ਕੇ ਕਈ ਭਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਮਹਾਯੱਗ ਦੌਰਾਨ ਨਿਖਿਲ ਅਗਰਵਾਲ ਅਤੇ ਰੇਣੂ ਅਗਰਵਾਲ ਨੇ ਮੁੱਖ ਮੇਜ਼ਬਾਨ ਵਜੋਂ ਵਿਧੀਵਤ ਪੂਜਾ ਅਰਚਨਾ ਕੀਤੀ ਅਤੇ ਹਵਨ ਵਿੱਚ ਭੇਟਾਂ ਅਰਪਿਤ ਕੀਤੀਆਂ। ਆਚਾਰੀਆ ਰਾਜਿੰਦਰ ਪ੍ਰਸਾਦ ਨੇ ਜਾਣਕਾਰੀ ਦਿੱਤੀ ਕਿ ਮਹਾਯੱਗ ਦੀ ਪੂਰਨਹੁਤੀ ਸ਼ਨਿਚਰਵਾਰ ਦੁਪਹਿਰ 1 ਵਜੇ ਭੇਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰਨਹੁਤੀ ਵਿੱਚ ਚੜ੍ਹਾਇਆ ਜਾਣ ਵਾਲਾ ਨਾਰੀਅਲ ਅਤੇ ਪਰਿਕਰਮਾ ਹਰ ਮੁਸ਼ਕਲ ’ਤੇ ਜਿੱਤ ਦਾ ਪ੍ਰਤੀਕ ਹੈ। ਕਥਾਵਾਚਕ ਧੀਰਜ ਕ੍ਰਿਸ਼ਨ ਸ਼ਾਸਤਰੀ ਨੇ ਰਾਜਾ ਪਰੀਕਸ਼ਿਤ ਦੀ ਮੁਕਤੀ, ਸ਼ੁਕਦੇਵ ਜੀ ਦੀ ਵਿਦਾਈ ਅਤੇ ਸੁਦਾਮਾ ਦੇ ਅਤੁੱਟ ਭਗਤੀ ਭਾਵ ਦਾ ਮਰਮਸਪਰਸ਼ੀ ਵਰਣਨ ਕਰਦਿਆਂ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਸੁਦਾਮਾ ਦੇ ਚਰਿੱਤਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਤਨੀ ਸੁਸ਼ੀਲਾ ਦੇ ਕਹਿਣ ’ਤੇ ਸੁਦਾਮਾ ਦਵਾਰਕਾ ਵਿੱਚ ਆਪਣੇ ਮਿਤਰ ਭਗਵਾਨ ਕ੍ਰਿਸ਼ਨ ਨੂੰ ਮਿਲਣ ਗਿਆ। ਭਗਵਾਨ ਕ੍ਰਿਸ਼ਨ ਨੇ ਆਪਣੇ ਗਰੀਬ ਮਿੱਤਰ ਸੁਦਾਮਾ ਦੇ ਚੌਲਾਂ ਦੀ ਪੋਟਲੀ ਸਵੀਕਾਰ ਕਰ ਕੇ ਉਨ੍ਹਾਂ ਦੇ ਸਾਰੇ ਦੁੱਖ ਹਰ ਲਏ ਅਤੇ ਉਨ੍ਹਾਂ ਦੀ ਝੌਂਪੜੀ ਨੂੰ ਮਹਿਲ ਵਿੱਚ ਬਦਲ ਦਿੱਤਾ। ਕਥਾ ਦੌਰਾਨ ਰਾਜਾ ਨ੍ਰਿਗ ਅਤੇ ਗਿਰਗਿਟ ਦੀ ਕਹਾਣੀ ਵੀ ਸਾਂਝੀ ਕੀਤੀ ਗਈ। ਭਗਤਾਂ ਨੇ ਭਜਨਾਂ ’ਤੇ ਨੱਚ ਕੇ ਆਪਣੀ ਭਗਤੀ ਪ੍ਰਗਟ ਕੀਤੀ ਅਤੇ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਗੋਪੀ ਚੰਦ ਕਪੂਰ, ਪ੍ਰਧਾਨ ਰਮੇਸ਼ ਅਗਰਵਾਲ, ਜਨਰਲ ਸਕੱਤਰ ਤਰਸੇਮ ਮੋਦਗਿਲ, ਜਗਦੀਸ਼ ਅਗਰਵਾਲ, ਸੰਜੀਵ ਅਰੋੜਾ, ਮੋਹਨ ਲਾਲ ਪਹਿਲਵਾਨ, ਵਿਜੇ ਸੇਠ, ਮੁਕੇਸ਼ ਡਾਵਰ, ਕ੍ਰਿਸ਼ਨ ਗੋਪਾਲ, ਮਨੋਜ ਦੱਤਾ, ਰਾਮੇਸ਼ਵਰ ਸ਼ਰਮਾ, ਮੀਰਾ ਸ਼ਰਮਾ, ਮੁਸਕਾਨ ਮਨਚੰਦਾ, ਪੱਲਵੀ, ਵੀਨੂਜੀਤ ਅਗਰਵਾਲ, ਸਤਵਿੰਦਰ ਅਗਰਵਾਲ, ਡਾ. ਗੁਰੂ ਜੀ, ਨੀਲ ਕਮਲ ਸ਼ਰਮਾ, ਵਿਸ਼ਾਲ ਵਾਲੀਆ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।