ਕਾਰ ਨੂੰ ਟੱਕਰ ਮਾਰ ਕੇ ਭੱਜੇ ਟਿੱਪਰ ਨੂੰ ਲੋਕਾਂ ਨੇ ਰੋਕਿਆ
ਕਾਰ ਨੂੰ ਟੱਕਰ ਮਾਰ ਕੇ ਭੱਜੇ ਟਿੱਪਰ ਨੂੰ ਲੋਕਾਂ ਨੇ ਰੋਕਿਆ
Publish Date: Fri, 27 Feb 2026 05:47 PM (IST)
Updated Date: Fri, 27 Feb 2026 05:49 PM (IST)

- ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੀਤਾ ਚਾਲਾਨ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਅੱਡਾ ਝੁੰਗੀਆਂ ਵਿਖੇ ਕਾਰ ਨੂੰ ਟੱਕਰ ਮਾਰ ਕੇ ਭੱਜ ਰਹੇ ਟਿੱਪਰ ਨੂੰ ਲੋਕਾਂ ਨੇ ਡੱਲੇਵਾਲ ਵਿਖੇ ਰੋਕ ਲਿਆ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਪੁੱਜੇ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਨੰਗਲ-ਗੜ੍ਹਸ਼ੰਕਰ ਰੋਡ ਤੋਂ ਲੰਘਣ ਵਾਲੇ ਓਵਰਲੋਡ ਟਿੱਪਰਾਂ ਨੂੰ ਰੋਕ ਦਿੱਤਾ ਗਿਆ। ਮੌਕੇ ’ਤੇ ਪੁਲਿਸ ਚੌਕੀ ਬੀਣੇਵਾਲ ਅਤੇ ਗੜ੍ਹਸ਼ੰਕਰ ਪੁਲਿਸ ਪਹੁੰਚ ਗਈ। ਜਿਨ੍ਹਾਂ ਨੇ 6 ਟਿੱਪਰਾਂ ਦੇ ਚਾਲਾਨ ਕੀਤੇ। ਟਿੱਪਰ ਚਾਲਕ ਪਿੰਡ ਮਜਾਰੀ ਵਿੱਚ ਆਕਾਸ਼ ਰਾਣਾ ਦੀ ਕਾਰ ਨੂੰ ਜੋ ਕਿ ਪਰਿਵਾਰ ਸਮੇਤ ਪਿੰਡ ਨੂੰ ਜਾ ਰਿਹਾ ਸੀ ਟੱਕਰ ਮਾਰ ਕੇ ਟਿੱਪਰ ਸਮੇਤ ਫ਼ਰਾਰ ਹੋ ਗਿਆ। ਇਸ ਮੌਕੇ ਕਾਂਗਰਸ ਆਗੂ ਅਮਰਪ੍ਰੀਤ ਸਿੰਘ ਲਾਲੀ, ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਟਿੱਪਰ ਨਾਲ ਜਾਨ ਗੁਆਉਣ ਵਾਲੇ ਸਰਪੰਚ ਚੂਹੜ ਸਿੰਘ ਦਾ ਅਜੇ ਸਿਵਾ ਬਲ ਰਿਹਾ ਹੈ ਪਰ ਦੂਜੇ ਪਾਸੇ ਟਿੱਪਰਾਂ ਵਾਲੇ ਡੀਸੀ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਪਰ ਪੁਲਿਸ ਅਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਦੌਰਾਨ ਸੜਕਾਂ ਤੇ ਨਿੱਤ ਹਾਦਸੇ ਵਾਪਰ ਰਹੇ ਹਨ। ਕੱਲ੍ਹ ਸਾਬਕਾ ਸਰਪੰਚ ਚੂਹੜ ਸਿੰਘ ਅਚੱਲਪੁਰ ਨੂੰ ਟਿੱਪਰ ਨੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਅੱਜ ਵੀ ਓਵਰਲੋਡ ਟਿੱਪਰ ਸੜਕਾਂ ਤੇ ਬੇਖੌਫ ਚੱਲ ਰਹੇ ਹਨ। ਓਵਰਲੋਡ ਟਿੱਪਰਾਂ ਨੂੰ ਸੜਕਾਂ ਤੇ ਚਲਾਉਣ ਤੋਂ ਰੋਕਿਆ ਜਾਵੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੀ ਰਾਤ ਜਿਸ ਕੰਪਨੀ ਨੇ ਸਾਬਕਾ ਸਰਪੰਚ ਚੂਹੜ ਸਿੰਘ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਕੰਪਨੀ ਦੇ ਟਿੱਪਰ ਨੇ ਅੱਜ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸੀਪੀਐੱਮ ਦੇ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਂਗਰਸ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ, ਪੰਚਾਇਤ ਸੰਮਤੀ ਮੈਂਬਰ ਕਮਲ ਕਟਾਰੀਆ, ਆਲ ਇੰਡੀਆ ਜੱਟ ਮਹਾਂਸਭਾ ਦੇ ਸੂਬਾਈ ਆਗੂ ਅਜੈਬ ਸਿੰਘ ਬੋਪਾਰਾਏ, ਵਿਕਾਸ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਘਾ, ਰਾਜਨ ਸ਼ਰਮਾ, ਸਾਬਕਾ ਸਰਪੰਚ ਜਰਨੈਲ ਸਿੰਘ, ਪਵਨ ਕਟਾਰੀਆ, ਰਾਮਜੀ ਦਾਸ ਚੌਹਾਨ, ਕੁਲਭੂਸ਼ਨ ਮਹਿੰਦਵਾਣੀ ਆਦਿ ਹਾਜ਼ਰ ਸਨ। - ਚੌਕੀ ਇੰਚਾਰਜ ਬੀਣੇਵਾਲ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਜਦੋਂ ਲੋਕਾਂ ਨੇ ਟਿੱਪਰਾਂ ਨੂੰ ਘੇਰਿਆ ਹੋਇਆ ਸੀ ਤਾਂ ਮੌਕੇ ’ਤੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਏਐੱਸਆਈ ਓਂਕਾਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਟਿੱਪਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ।