- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਆਈ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ - ਅਮਰਜੀਤ ਸਿੰਘ ਢਾਡੇਕਟਵਾਲ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ : ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਕਿਸਾਨ-ਮਜ਼ਦੂਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਹੋਏ ਕਥਿਤ ਪੁਲਿਸ ਮੁਕਾਬਲੇ ਦੌਰਾਨ 19 ਸਾਲਾ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗਹਿਰਾ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਲਈ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਅਮਰਜੀਤ ਸਿੰਘ ਢਾਡੇਕਟਵਾਲ ਨੇ ਕਿਹਾ ਕਿ ਏਐੱਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦਾ ਕਤਲ ਨਿਸ਼ਚਿਤ ਤੌਰ ’ਤੇ ਮੰਦਭਾਗਾ ਅਤੇ ਨਿੰਦਣਯੋਗ ਹੈ ਪਰ ਇਸ ਦੇ ਬਾਵਜੂਦ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਥਿਤ ਪੁਲਿਸ ਮੁਕਾਬਲਾ ਹਕੀਕਤ ਤੋਂ ਦੂਰ ਹੈ ਅਤੇ ਇਹ ਸਾਰੀ ਘਟਨਾ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ।
ਢਾਡੇਕਟਵਾਲ ਨੇ ਕਿਹਾ ਕਿ ਪਿੰਡ ਆਦੀਆ ਦੇ ਵਾਸੀਆਂ ਨੇ ਖੁੱਲ੍ਹ ਕੇ ਬਿਆਨ ਦਿੱਤਾ ਹੈ ਕਿ ਰਣਜੀਤ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਤਰ੍ਹਾਂ ਦੇ ਨਸ਼ੇ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਅਨੁਸਾਰ ਰਣਜੀਤ ਸਿੰਘ ਨੂੰ ਉਸ ਦੇ ਘਰੋਂ ਪੁਲਿਸ ਵੱਲੋਂ ਚੁੱਕਿਆ ਗਿਆ ਅਤੇ ਬਾਅਦ ਵਿੱਚ ਸਾਜ਼ਿਸ਼ੀ ਢੰਗ ਨਾਲ ਉਸ ਨੂੰ ਮਾਰ ਮੁਕਾਇਆ ਗਿਆ, ਜਿਸ ਨੂੰ ਪੁਲਿਸ ਮੁਕਾਬਲੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸੀ ਆਗੂ ਨੇ ਦੋਸ਼ ਲਗਾਇਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਕੱਢ ਲਏ ਗਏ ਅਤੇ ਕੁੱਝ ਕੈਮਰੇ ਤੋੜੇ ਵੀ ਗਏ, ਤਾਂ ਜੋ ਇਹ ਸਬੂਤ ਨਸ਼ਟ ਕੀਤੇ ਜਾ ਸਕਣ ਕਿ ਨੌਜਵਾਨ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਪੁਲਿਸ ਦੀ ਕਾਰਵਾਈ ਸਾਫ਼ ਸੀ ਤਾਂ ਸਬੂਤ ਮਿਟਾਉਣ ਦੀ ਲੋੜ ਕਿਉਂ ਪਈ। ਅਮਰਜੀਤ ਸਿੰਘ ਢਾਡੇਕਟਵਾਲ ਨੇ ਇਹ ਵੀ ਚਿੰਤਾ ਪ੍ਰਗਟਾਈ ਕਿ ਮੌਜੂਦਾ ਸੱਤਾਧਾਰੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਇਹ 42ਵਾਂ ਕਥਿਤ ਪੁਲਿਸ ਮੁਕਾਬਲਾ ਹੈ, ਜਿੱਥੇ ਹਰ ਵਾਰ ਇਕੋ ਜਿਹੀ ਕਹਾਣੀ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ ‘ਤੇ ਭਰੋਸਾ ਡਗਮਗਾ ਰਿਹਾ ਹੈ। ਉਨ੍ਹਾਂ ਆਖ਼ਰ ਵਿੱਚ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾ ਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ਅਤੇ ਜੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਜ਼ੋਨ ਦਗਨ ਪ੍ਰਧਾਨ ਕਿਸਾਨ ਵਿੰਗ ਸ਼ਾਮ ਸਿੰਘ ਸ਼ਾਮਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸਾਹਲੀਆਂ, ਨਰਿੰਦਰ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਮਾਂਗਟ, ਚਾਨਣ ਸਿੰਘ ਸਾਬਕਾ ਪੰਚ, ਨਰਿੰਦਰ ਸਿੰਘ ਪੰਚ, ਚੰਦਨ ਦਗਨ, ਕਾਕਾ ਜੀਵਨਵਾਲ, ਚੌਧਰੀ ਮੁਖਤਿਆਰ ਸਿੰਘ ਸਵਾਰ ਆਦਿ ਹਾਜ਼ਰ ਸਨ।