ਵਿਧਾਨ ਸਭਾ ਚੋਣਾਂ ’ਚ ਭਾਜਪਾ ਜਿੱਤ ਹਾਸਲ ਕਰੇਗੀ : ਬਾਜਵਾ
ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਚ ਕਮਲ ਦਾ ਝੰਡਾ ਲਹਿਰਾਏਗਾ - ਬਾਜਵਾ / ਮਹਾਜਨ
Publish Date: Fri, 27 Feb 2026 05:21 PM (IST)
Updated Date: Fri, 27 Feb 2026 05:25 PM (IST)

- ਕਿਹਾ, ਦੇਸ਼ ਨੇ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਕਾਇਮ ਕੀਤੀ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ ਤੇ ਨਵਾਂ ਸਿਆਸੀ ਇਤਿਹਾਸ ਰਚੇਗੀ। ਇਹ ਪ੍ਰਗਟਾਵਾ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਨੇ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਵਿੱਚ ਹੋਈ। ਪ੍ਰੈੱਸ ਮਿਲਣੀ ਦੌਰਾਨ ਕਰਦਿਆਂ ਕਿਹਾ ਕਿ ਭਾਜਪਾ ਲਈ ਸੱਤਾ ਨਹੀਂ, ਸਗੋਂ ਦੇਸ਼ਹਿੱਤ ਸਭ ਤੋਂ ਵੱਡੀ ਤਰਜੀਹ ਹੈ ਤੇ ਇਸੇ ਆਧਾਰ ’ਤੇ ਪਾਰਟੀ ਪੰਜਾਬ ਵਿੱਚ ਲੋਕਾਂ ਦਾ ਸਮਰਥਨ ਹਾਸਲ ਕਰੇਗੀ। ਫਤਹਿ ਜੰਗ ਸਿੰਘ ਬਾਜਵਾ ਅਤੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਪਰਿਵਾਰਵਾਦ ਅਤੇ ਮੌਕਾਪ੍ਰਸਤੀ ਤੋਂ ਉੱਪਰ ਉੱਠ ਕੇ ਵਿਕਾਸ, ਸੁਸ਼ਾਸਨ ਅਤੇ ਕੌਮੀ ਏਕਤਾ ਦੇ ਸਿਧਾਂਤਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਕਾਇਮ ਕੀਤੀ ਹੈ ਅਤੇ ਹੁਣ ਪੰਜਾਬ ਨੂੰ ਵੀ ਇਸ ਵਿਕਾਸਧਾਰਾ ਨਾਲ ਜੋੜਣਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ, ਨੌਜਵਾਨਾਂ ਲਈ ਰੁਜ਼ਗਾਰ ਸਿਰਜਣਾ, ਉਦਯੋਗਾਂ ਦੀ ਪੁਨਰ ਸੁਰਜੀਤੀ, ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਅਤੇ ਨਸ਼ਾ ਮੁਕਤ ਪੰਜਾਬ ਦੇ ਸੰਕਲਪ ’ਤੇ ਕੇਂਦ੍ਰਿਤ ਹਨ। ਭਾਜਪਾ ਦਾ ਉਦੇਸ਼ ਸਿਰਫ਼ ਸਰਕਾਰ ਬਣਾਉਣਾ ਨਹੀਂ, ਸਗੋਂ ਅਜਿਹਾ ਸੁਸ਼ਾਸਨ ਕਾਇਮ ਕਰਨਾ ਹੈ, ਜਿਸ ਵਿੱਚ ਹਰ ਵਰਗ ਨੂੰ ਨਿਆਂ ਅਤੇ ਨਵੇਂ ਮੌਕੇ ਮਿਲ ਸਕਣ। ਫਤਹਿ ਜੰਗ ਬਾਜਵਾ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਰਾਜ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ, ਪ੍ਰਸ਼ਾਸਕੀ ਮਸ਼ੀਨਰੀ ਦਿਸ਼ਾਹੀਣ ਲੱਗ ਰਹੀ ਹੈ ਅਤੇ ਵਿਕਾਸ ਕਾਰਜ ਠੱਪ ਪਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਦੇ ਫ਼ਤਵੇ ਦਾ ਆਦਰ ਕਰਨ ਦੀ ਬਜਾਏ ਸਿਆਸੀ ਬਦਲਾਖੋਰੀ ਦੀ ਭਾਵਨਾ ਵਿੱਚ ਉੱਲਝੀ ਹੋਈ ਹੈ। ਇਸੇ ਕਰ ਕੇ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਭਾਜਪਾ ਉਸ ਬਦਲਾਅ ਦੀ ਵਾਹਕ ਬਣੇਗੀ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੀ ਸਥਿਰਤਾ ਅਤੇ ਖੁਸ਼ਹਾਲੀ ਸਿੱਧੇ ਤੌਰ ‘ਤੇ ਦੇਸ਼ਹਿੱਤ ਨਾਲ ਜੁੜੀ ਹੋਈ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿੱਚ ਕਮਲ ਦਾ ਝੰਡਾ ਲਹਿਰਾਏਗਾ ਅਤੇ 117 ਸੀਟਾਂ ’ਤੇ ਇਤਿਹਾਸਕ ਜਿੱਤ ਦਰਜ ਹੋਵੇਗੀ। ਉਨ੍ਹਾਂ ਦੁਹਰਾਇਆ ਕਿ ਭਾਜਪਾ ਲਈ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਸਰਬਪੱਖੀ ਵਿਕਾਸ ਸਭ ਤੋਂ ਪਹਿਲੀ ਤਰਜੀਹ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਹਰੀਸ਼ ਮਹਾਜਨ ਕਾਲਾ, ਰਘੂਨਾਥ ਸਿੰਘ ਰਾਣਾ, ਅਨਿਲ ਵਸ਼ਿਸ਼ਟ, ਸ਼ੰਮੀ ਵਸ਼ਿਸ਼ਟ, ਸੁਸ਼ੀਲ ਕੁਮਾਰ, ਮਨੋਜ ਕੁਮਾਰ, ਕੁਲਤਾਰ ਸਿੰਘ ਆਦਿ ਹਾਜ਼ਰ ਸਨ।