‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਮੈਗਾ ਸਿਹਤ ਕੈਂਪ ਲਾਇਆ
"ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਤਹਿਤ ਹੁਸ਼ਿਆਰਪੁਰ ਵਿਖੇ ਵਿਸ਼ਾਲ ਮੈਗਾ ਸਿਹਤ ਕੈਂਪ ਆਯੋਜਿਤ
Publish Date: Fri, 27 Feb 2026 04:58 PM (IST)
Updated Date: Fri, 27 Feb 2026 05:01 PM (IST)

ਹੁਸ਼ਿਆਰਪੁਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਵਿਸ਼ਾਲ ਮੈਗਾ ਸਿਹਤ ਕੈਂਪ ਲਾਇਆ ਗਿਆ। ਕੈਂਪ ਦਾ ਮਕਸਦ ਬਜ਼ੁਰਗਾਂ ਨੂੰ ਇਕ ਛੱਤ ਹੇਠ ਮੁਫ਼ਤ ਅਤੇ ਸੁਵਿਧਾਜਨਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੀ। ਕੈਂਪ ਦੀ ਸ਼ੁਰੂਆਤ ਸਿਵਲ ਸਰਜਨ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਰਣਜੀਤ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਮੌਕੇ ਨਰੇਸ਼ ਕੁਮਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਡਾ. ਜਤਿੰਦਰ ਭਾਟੀਆ ਜ਼ਿਲ੍ਹਾ ਸਿਹਤ ਅਫਸਰ, ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ ਐੱਸਐੱਮਓ, ਰਵਿੰਦਰ ਜੱਸਲ ਡਿਪਟੀ ਮਾਸ ਮੀਡੀਆ ਅਫਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਕੈਂਪ ਦੌਰਾਨ ਬਜ਼ੁਰਗਾਂ ਲਈ ਕੈਂਸਰ ਸਕ੍ਰੀਨਿੰਗ, ਹੱਡੀਆਂ ਦੀ ਜਾਂਚ, ਅੱਖਾਂ ਦੀ ਜਾਂਚ, ਗੈਰ ਸੰਚਾਰੀ ਰੋਗਾਂ ਦੀ ਜਾਂਚ, ਦਵਾਈ ਸਲਾਹ, ਫਿਜੀਓਥੈਰੇਪੀ, ਦਿਮਾਗੀ ਰੋਗਾਂ ਸਬੰਧੀ ਜਾਂਚ ਅਤੇ ਆਬਾ ਆਈਡੀ ਰਜਿਸਟ੍ਰੇਸ਼ਨ ਸਮੇਤ ਕਈ ਵੱਖ-ਵੱਖ ਕਾਊਂਟਰ ਲਾਏ ਗਏ। ਮਰੀਜ਼ਾਂ ਦੀ ਮੁਫ਼ਤ ਜਾਂਚ ਕਰ ਕੇ ਜ਼ਰੂਰਤ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ। ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪਾਂ ਰਾਹੀਂ ਬਜ਼ੁਰਗਾਂ ਨੂੰ ਸਮੇਂ-ਸਿਰ ਜਾਂਚ ਅਤੇ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਨਰੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਮੁਹਿੰਮ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਲਗਾਤਾਰ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਐੱਸਡੀਐੱਚ ਮੁਕੇਰੀਆਂ, 9 ਮਾਰਚ ਨੂੰ ਐੱਸਡੀਐੱਚ ਦਸੂਹਾ ਅਤੇ 13 ਮਾਰਚ ਨੂੰ ਐੱਸਡੀਐੱਚ ਗੜ੍ਹਸ਼ੰਕਰ ਵਿਖੇ ਵੀ ਕੈਂਪ ਲਾਏ ਜਾਣਗੇ। ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ ਨੇ ਕਿਹਾ ਕਿ ਕੈਂਪ ਵਿੱਚ ਬਜ਼ੁਰਗਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਦੇ ਬੈਠਣ ਅਤੇ ਰਿਫਰੈਸ਼ਮੈਂਟ ਲਈ ਵੀ ਉਚਿਤ ਪ੍ਰਬੰਧ ਕੀਤੇ ਗਏ ਸਨ।