ਸ਼ਹੀਦ ਚੰਦਰਸ਼ੇਖਰ ਆਜ਼ਾਦ ਦਾ ਜਨਮ ਦਿਹਾੜਾ ਸੰਕਲਪ ਦਿਵਸ ਵਜੋਂ ਮਨਾਇਆ
ਭਗਵਾਨ ਪਰਸ਼ੂਰਾਮ ਸੈਨਾ ਵੱਲੋਂ ਸ਼ਹੀਦ ਚੰਦਰਸ਼ੇਖਰ ਆਜ਼ਾਦ ਦਾ ਜਨਮ ਦਿਹਾੜਾ 'ਸੰਕਲਪ ਦਿਵਸ' ਵਜੋਂ ਮਨਾਇਆ ਗਿਆ
Publish Date: Fri, 27 Feb 2026 04:55 PM (IST)
Updated Date: Fri, 27 Feb 2026 04:58 PM (IST)

- ਨੌਜਵਾਨਾਂ ਨੂੰ ਨਸ਼ਾਮੁਕਤ ਪੰਜਾਬ ਲਈ ਸਹੁੰ ਚੁਕਾਈ ਗਈ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਅਤੇ ਹਿੰਦੂ ਸੰਘ ਵੱਲੋਂ ਸੂਬਾ ਪ੍ਰਧਾਨ ਆਸ਼ੂਤੋਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਅਖਿਲ ਭਾਰਤੀ ਬ੍ਰਾਹਮਣ ਏਕਤਾ ਪ੍ਰੀਸ਼ਦ ਦੇ ਸਹਿਯੋਗ ਨਾਲ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਜਨਮ ਦਿਹਾੜੇ ਨੂੰ ਸੰਕਲਪ ਦਿਵਸ ਵਜੋਂ ਮਨਾਇਆ ਗਿਆ। ਸਮਾਗਮ ਦੌਰਾਨ ਮੌਜੂਦ ਪਤਵੰਤਿਆਂ ਨੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਆਸ਼ੂਤੋਸ਼ ਸ਼ਰਮਾ ਨੇ ਨੌਜਵਾਨਾਂ ਨੂੰ ‘ਨਸ਼ਾ ਛੁਡਾਓ, ਪੰਜਾਬ ਬਚਾਓ’ ਦੇ ਨਾਅਰੇ ਨਾਲ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਘਰ ਤੋਂ ਮੁਹਿੰਮ ਦੀ ਸ਼ੁਰੂਆਤ ਕਰਨੀ ਲਾਜ਼ਮੀ ਹੈ ਅਤੇ ਨੌਜਵਾਨਾਂ ਨੂੰ ਇਸ ਜੰਗ ਵਿੱਚ ਅੱਗੇ ਆਉਣਾ ਹੋਵੇਗਾ। ਬੁਲਾਰਿਆਂ ਨੇ ‘ਭਾਰਤ ਮਾਤਾ ਦੀ ਜੈ’, ‘ਵੰਦੇ ਮਾਤਰਮ’, ‘ਅਸੀਂ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਮਣਾ ਕਰਾਂਗੇ’, ‘ਆਜ਼ਾਦ ਸੀ, ਆਜ਼ਾਦ ਹੈ, ਆਜ਼ਾਦ ਰਹੇਗਾ’ ਅਤੇ ‘ਨਸ਼ਾ ਛੁਡਾਓ, ਪੰਜਾਬ ਬਚਾਓ’ ਵਰਗੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਸ਼ਹੀਦ ਚੰਦਰਸ਼ੇਖਰ ਆਜ਼ਾਦ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹਨ, ਜਿਨ੍ਹਾਂ ਦੀ ਕੁਰਬਾਨੀ ਸਾਨੂੰ ਦੇਸ਼ ਸੇਵਾ ਲਈ ਸਦਾ ਪ੍ਰੇਰਿਤ ਕਰਦੀ ਹੈ। ਇਸ ਮੌਕੇ ਸੁਰਿੰਦਰ ਬੀਟਨ ਨੇ ਦੱਸਿਆ ਕਿ ਚੰਦਰਸ਼ੇਖਰ ਆਜ਼ਾਦ ਨੇ ਕਮ ਉਮਰੀ ਵਿੱਚ ਹੀ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ। ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਨੇ ਅਦਾਲਤ ਵਿੱਚ ਆਪਣਾ ਨਾਮ ‘ਆਜ਼ਾਦ’, ਪਿਤਾ ਦਾ ਨਾਮ ‘ਸਵਤੰਤਰ’ ਅਤੇ ਨਿਵਾਸ ‘ਜੇਲ੍ਹ’ ਦੱਸ ਕੇ ਅੰਗਰੇਜ਼ ਹਕੂਮਤ ਨੂੰ ਚੁਣੌਤੀ ਦਿੱਤੀ। ਮਨੋਜ ਸ਼ਰਮਾ ਨੇ ਕਿਹਾ ਕਿ ਕਾਕੋਰੀ ਕਾਂਡ ਤੋਂ ਬਾਅਦ ਵੀ ਆਜ਼ਾਦ ਗ੍ਰਿਫ਼ਤਾਰੀ ਤੋਂ ਬਚਦੇ ਰਹੇ ਅਤੇ ਇਨਕਲਾਬੀ ਸਰਗਰਮੀਆਂ ਨੂੰ ਜਾਰੀ ਰੱਖਿਆ। ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਸਰਕਾਰੀ ਪੱਧਰ ’ਤੇ ਸ਼ਹੀਦਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਵਸ ਮੌਕੇ ਪ੍ਰਯਾਪਤ ਸਮਾਗਮ ਨਾ ਹੋਣਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਆਪਣਾ ਵਿਰੋਧ ਲਿਖਤੀ ਰੂਪ ਵਿੱਚ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਅਰਜੁਨ ਪੰਡਤ, ਅਜੈ ਸ਼ਰਮਾ, ਰਾਜੀਵ ਸ਼ਰਮਾ, ਅਸ਼ੀਸ਼ ਠਾਕੁਰ, ਅਨਿਕੇਤ ਜੈਰਥ, ਆਸ਼ੂ ਚੌਧਰੀ, ਅਸ਼ਵਨੀ ਸ਼ਰਮਾ, ਅਨਮੋਲ ਹਾਂਡਾ, ਬਿੰਨੀ ਹਾਂਡਾ, ਰੋਹਿਤ ਸੂਦ, ਰਾਮ ਗੋਪਾਲ ਸ਼ਰਮਾ, ਅਜੈ ਕੁਮਾਰ, ਰੋਹਿਤ ਕੁਮਾਰ, ਦੀਪਕ ਕੁਮਾਰ, ਪੰਕਜ ਵਸਿਠ, ਸੌਰਵ ਸਮੇਤ ਹੋਰ ਆਦਿ ਹਾਜ਼ਰ ਸਨ।