ਸਿਹਤ ਵਿਭਾਗ ਵੱਲੋਂ ਫੂਡ ਸਟਰੀਟ ’ਤੇ ਅਚਾਨਕ ਛਾਪੇਮਾਰੀ
ਸਿਹਤ ਵਿਭਾਗ ਵੱਲੋਂ ਫੂਡ ਸਟਰੀਟ 'ਤੇ ਅਚਨਚੇਤ ਛਾਪੇਮਾਰੀ, ਨਾ-ਖਾਣਯੋਗ ਸਾਮਾਨ ਮੌਕੇ 'ਤੇ ਕਰਵਾਇਆ ਨਸ਼ਟ
Publish Date: Fri, 27 Feb 2026 04:39 PM (IST)
Updated Date: Fri, 27 Feb 2026 04:43 PM (IST)

- ਨਾ-ਖਾਣਯੋਗ ਸਾਮਾਨ ਮੌਕੇ ’ਤੇ ਕਰਵਾਇਆ ਨਸ਼ਟ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹੇ ਵਾਸੀਆਂ ਨੂੰ ਸਾਫ-ਸੁਥਰੇ ਅਤੇ ਸੁਰੱਖਿਅਤ ਖਾਣ-ਯੋਗ ਪਦਾਰਥ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਮੁਹਿੰਮ ਤਹਿਤ ਵੱਡੀ ਫੂਡ ਸਟਰੀਟ, ਹੁ਼ਸ਼ਿਆਰਪਰ ’ਤੇ ਅਚਾਨਕ ਜਾਂਚ ਕੀਤੀ ਗਈ। ਇਸ ਦੌਰਾਨ ਕਈ ਸੱਕੀ ਅਤੇ ਨਾ-ਖਾਣਯੋਗ ਖਾਦ ਪਦਾਰਥ ਮੌਕੇ ’ਤੇ ਹੀ ਨਸ਼ਟ ਕਰਵਾਏ ਗਏ, ਜਦਕਿ ਕੁਝ ਫੂਡ ਵਿਕਰੇਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਫੂਡ ਸਟਰੀਟ ਵਿੱਚ ਘਟੀਆ ਕਿਸਮ ਦਾ ਤੇਲ, ਸਾਸ ਅਤੇ ਹੋਰ ਸਮੱਗਰੀ ਵਰਤੀ ਜਾ ਰਹੀ ਹੈ, ਜੋ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਫੂਡ ਸੇਫਟੀ ਟੀਮ ਵੱਲੋਂ ਅਚਾਨਕ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਘਟੀਆ ਅਤੇ ਮਿਆਦ-ਪਾਰ ਸਾਮਾਨ ਨਸ਼ਟ ਕਰਵਾਇਆ ਗਿਆ। ਜਿਨ੍ਹਾਂ ਵਿਕਰੇਤਾਵਾਂ ਕੋਲ ਲਾਜ਼ਮੀ ਰਜਿਸਟ੍ਰੇਸ਼ਨ ਨਹੀਂ ਸੀ, ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਨਿਰਧਾਰਿਤ ਸਮੇਂ ਅੰਦਰ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਰੇਹੜੀਆਂ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਭਾਟੀਆ ਨੇ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਣਾ ਤਿਆਰ ਕਰਦੇ ਸਮੇਂ ਮੂੰਹ ’ਤੇ ਮਾਸਕ, ਸਿਰ ’ਤੇ ਟੋਪੀ ਅਤੇ ਹੱਥਾਂ ਵਿੱਚ ਦਸਤਾਨੇ ਪਹਿਨਣ ਲਾਜ਼ਮੀ ਹਨ। ਟੀਮ ਵੱਲੋਂ ਖਾਣਾ ਤਿਆਰ ਕਰਨ ਵਾਲੇ ਕਰਮਚਾਰੀਆਂ ਦੀ ਨਿੱਜੀ ਸਫ਼ਾਈ ਅਤੇ ਸਿਹਤ ਮਿਆਰਾਂ ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਦ ਪਦਾਰਥ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ ਅਤੇ ਤਾਜ਼ਗੀ ਜ਼ਰੂਰ ਜਾਂਚੀ ਜਾਵੇ। ਉਨ੍ਹਾਂ ਕਿਹਾ ਕਿ ਫਾਸਟ ਫੂਡ ਦੀ ਵੱਧ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ, ਇਸ ਲਈ ਇਸ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਵਿਵੇਕ, ਰਾਮ ਲੁੰਗਾਇਆ ਅਤੇ ਹੋਰ ਟੀਮ ਮੈਂਬਰ ਆਦਿ ਹਾਜ਼ਰ ਸਨ।