ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਪ੍ਰੇਰਨਾਦਾਇਕ ਭਾਸ਼ਣ ਦਾ ਆਯੋਜਨ
Publish Date: Fri, 27 Feb 2026 04:19 PM (IST)
Updated Date: Fri, 27 Feb 2026 04:22 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡੀਏਵੀ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਲਈ ਮਨੋਬਲ ਅਤੇ ਮਾਨਸਿਕ ਸਿਹਤ ਵਿਸ਼ੇ ’ਤੇ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ ਗਿਆ। ਇਸ ਦੌਰਾਨ ਸਾਧਵੀ ਰਾਜਵੰਤ ਭਾਰਤੀ ਨੇ ‘ਨਿਰਭਰਤਾ’ ਵਿਸ਼ੇ ’ਤੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਸਾਧਵੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨਾਂ ਵਿੱਚ ਚਿੰਤਾ, ਅਤਿ-ਚਿੰਤਨ ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ ਮਾਨਸਿਕ ਅਸਥਿਰਤਾ ਦਾ ਮੁੱਖ ਕਾਰਨ ਕਮਜ਼ੋਰ ਮਨੋਬਲ ਅਤੇ ਆਤਮ-ਨਿਰੀਖਣ ਦੀ ਘਾਟ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਤਮਿਕ ਅਭਿਆਸ, ਸਕਾਰਾਤਮਕ ਸੋਚ ਅਤੇ ਮਨੋਬਲ ਵਧਾਉਣ ਵਾਲੀਆਂ ਗਤੀਵਿਧੀਆਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ। ਭਗਵਾਨ ਕ੍ਰਿਸ਼ਨ ਅਤੇ ਅਰਜੁਨ ਦੀ ਉਦਾਹਰਣ ਦਿੰਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਅਰਜੁਨ ਨੇ ਭਗਵਾਨ ਕ੍ਰਿਸ਼ਨ ਨੂੰ ਆਪਣਾ ਮਾਰਗਦਰਸ਼ਕ ਮੰਨ ਕੇ ਜੀਵਨ ਦੀਆਂ ਦੁਬਿਧਾਵਾਂ ਤੋਂ ਮੁਕਤੀ ਪਾਈ, ਉਸੇ ਤਰ੍ਹਾਂ ਜੀਵਨ ਵਿੱਚ ਸੱਚੇ ਗੁਰੂ ਦੀ ਰਹਿਨੁਮਾਈ ਮਨੁੱਖ ਨੂੰ ਸਹੀ ਦਿਸ਼ਾ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ। ਲੈਕਚਰ ਦੌਰਾਨ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੇਰਨਾਦਾਇਕ ਸਰਗਰਮੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੀ ਅੰਦਰੂਨੀ ਤਾਕਤ ਪਛਾਣਣ ਅਤੇ ਆਤਮਵਿਸ਼ਵਾਸ ਵਧਾਉਣ ਲਈ ਉਤਸ਼ਾਹਿਤ ਕੀਤਾ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਸ਼ਣ ਨੂੰ ਧਿਆਨਪੂਰਵਕ ਸੁਣਿਆ ਅਤੇ ਇਸ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਾਧਵੀ ਨੇ ਅਪ੍ਰੈਲ ਮਹੀਨੇ ਵਿੱਚ ਹੋਣ ਵਾਲੀ ਸ਼੍ਰੀਮਦ ਭਾਗਵਤ ਕਥਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਰਿਆਂ ਨੂੰ ਅਧਿਆਤਮਿਕ ਗਿਆਨ ਹਾਸਲ ਕਰਨ ਲਈ ਹਾਜ਼ਰੀ ਭਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਧਵੀ ਸ਼ੰਕਰ ਪ੍ਰੀਤਾ ਭਾਰਤੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਮਾਨਸਿਕ ਅਤੇ ਆਧਿਆਤਮਿਕ ਤੌਰ ‘ਤੇ ਸਸ਼ਕਤ ਬਣਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।