ਮਾਂ ਬੋਲੀ ਦਿਵਸ ਉਤਸ਼ਾਹ ਨਾਲ ਮਨਾਇਆ
ਮਾਂ ਬੋਲੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
Publish Date: Fri, 27 Feb 2026 04:07 PM (IST)
Updated Date: Fri, 27 Feb 2026 04:10 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ: ਸਰਕਾਰੀ ਐਲੀਮੈਂਟਰੀ ਸਕੂਲ ਨੌਸ਼ਹਿਰਾ ਪੱਤਣ ਵਿਖੇ ਮਾਂ ਬੋਲੀ ਦਿਵਸ ਦੇ ਸਬੰਧ ਵਿੱਚ ਇੰਡਕ ਆਰਟਸ ਐਂਡ ਵੈੱਲਫੇਅਰ ਕੌਂਸਲ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਕਵਿੱਤਰੀ ਤੇ ਅਧਿਆਪਕਾ ਮਨਦੀਪ ਕੌਰ ਪ੍ਰੀਤ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸੁਲੇਖ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬੱਚਿਆਂ ਨੇ ਸੁੰਦਰ ਲਿਖ਼ਤਾਂ ਰਾਹੀਂ ਪੰਜਾਬੀ ਅੱਖਰ ਲਿਖੇ ਅਤੇ ਕਵਿਤਾਵਾਂ ਸੁਣਾ ਕੇ ਮਾਂ ਬੋਲੀ ਨਾਲ ਆਪਣਾ ਪਿਆਰ ਪ੍ਰਗਟਾਇਆ। ਉਪਰੰਤ ਸਰਕਾਰੀ ਮਿਡਲ ਸਕੂਲ ਨੌਸ਼ਹਿਰਾ ਪੱਤਣ ਵਿਖੇ ਪੰਜਾਬੀ ਭਾਸ਼ਾ ਦੇ ਸਨਮਾਨ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਦਰਸਾਉਂਦੇ ਨਾਅਰੇ ਲਾਏ। ਰੈਲੀ ਦੇ ਅਖੀਰ ’ਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਇੱਕਸੁਰ ਹੋ ਕੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨਸ਼ੀਲ ਰਹਿਣ ਦਾ ਅਹਿਦ ਲਿਆ। ਇਸ ਮੌਕੇ ਮਨਦੀਪ ਕੌਰ ਪ੍ਰੀਤ ਨੇ ਕਿਹਾ ਕਿ ਮਾਂ ਬੋਲੀ ਸਿਰਫ਼ ਗੱਲਬਾਤ ਦਾ ਸਾਧਨ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ ਦੀ ਅਸਲ ਪਹਿਚਾਣ ਹੈ। ਜੇ ਅਸੀਂ ਆਪਣੇ ਘਰਾਂ ਅਤੇ ਸਕੂਲਾਂ ਵਿੱਚ ਪੰਜਾਬੀ ਨੂੰ ਤਰਜੀਹ ਦੇਵਾਂਗੇ ਤਾਂ ਹੀ ਇਹ ਭਾਸ਼ਾ ਆਉਣ ਵਾਲੀ ਪੀੜ੍ਹੀ ਤੱਕ ਮਜ਼ਬੂਤੀ ਨਾਲ ਪੁੱਜੇਗੀ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਸਾਰਿਆਂ ਨੇ ਸੰਕਲਪ ਲਿਆ ਕਿ ਉਹ ਹਰ ਰੋਜ਼ ਪੰਜਾਬੀ ਬੋਲਣ, ਪੜ੍ਹਣ ਅਤੇ ਲਿਖਣ ਰਾਹੀਂ ਮਾਂ ਬੋਲੀ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਅਧਿਆਪਕਾ ਪਰਮਦੀਪ ਸੈਣੀ, ਰਾਜਵਿੰਦਰ ਕੌਰ, ਦਲਜੀਤ ਕੌਰ, ਕੁਲਵੰਤ ਕੌਰ, ਅਕਾਂਕਸ਼ਾ ਸ਼ਰਮਾ, ਪ੍ਰਵੀਨ ਆਦਿ ਹਾਜ਼ਰ ਸਨ।