ਸਨਾਤਨ ਧਰਮ ਕਾਲਜ ’ਚ ਐੱਨਐੱਸਐੱਸ ਕੈਂਪ ਲਾਇਆ
ਸਨਾਤਨ ਧਰਮ ਕਾਲਜ ਵਿੱਚ ਐਨ.ਐਸ.ਐਸ ਕੈਂਪ ਦਾ ਪੰਜਵਾਂ ਦਿਨ ਸਮਾਜ ਸੇਵਾ ਤੇ ਜਨ ਜਾਗਰੂਕਤਾ ਨੂੰ ਸਮਰਪਿਤ
Publish Date: Fri, 27 Feb 2026 04:00 PM (IST)
Updated Date: Fri, 27 Feb 2026 04:04 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਚੱਲ ਰਹੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦੇ ਪੰਜਵੇਂ ਦਿਨ ਨੂੰ ਸਮਾਜ ਸੇਵਾ, ਸਿਹਤ ਜਾਂਚ ਅਤੇ ਜਨ ਜਾਗਰੂਕਤਾ ਸਰਗਰਮੀਆਂ ਲਈ ਸਮਰਪਿਤ ਕੀਤਾ ਗਿਆ। ਦਿਨ ਦੀ ਸ਼ੁਰੂਆਤ ਰੋਜ਼ਾਨਾ ਦੀ ਤਰ੍ਹਾਂ ਯੋਗ ਸੈਸ਼ਨ ਨਾਲ ਹੋਈ। ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਗੁਰਚਰਨ ਸਿੰਘ ਅਤੇ ਸਮਾਜਿਕ ਸੰਵੇਦਨਸ਼ੀਲਤਾ ਕਮੇਟੀ ਦੇ ਇੰਚਾਰਜ ਪ੍ਰੋ. ਡਿੰਪਲ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਕੁਸ਼ਟ ਆਸ਼ਰਮ ਅਤੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਉੱਥੇ ਰਹਿੰਦੇ ਵਾਸੀਆਂ ਨੂੰ ਰੋਜ਼ਾਨਾ ਵਰਤੋਂ ਦੀਆਂ ਲੁੜੀਂਦੀਆਂ ਵਸਤਾਂ ਵੰਡੀਆਂ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਟ੍ਰੈਫਿਕ ਸਿੱਖਿਆ ਸੈੱਲ ਹੁਸ਼ਿਆਰਪੁਰ ਤੋਂ ਏਐੱਸਆਈ ਤਜਿੰਦਰ ਕੌਰ ਅਤੇ ਮਨੋਹਰ ਚੰਦ ਨੇ ‘ਸੜਕ ਸੁਰੱਖਿਆ’ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸੁਰੱਖਿਅਤ ਡਰਾਈਵਿੰਗ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਮਾਯੁਧ ਮੈਮੋਰੀਅਲ ਹੈਲਥ ਕਲੀਨਿਕ ਦੇ ਇੰਚਾਰਜ ਡਾ. ਪਰਮਵੀਰ ਸਿੰਘ ਅਤੇ ਪ੍ਰੋ. ਕੇਸ਼ਵ ਦੀ ਦੇਖ-ਰੇਖ ਹੇਠ ਹੀਮੋਗਲੋਬਿਨ ਜਾਂਚ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਰੈੱਡ ਆਰਟ ਥੀਏਟਰ ਗਰੁੱਪ ਵੱਲੋਂ ‘ਨਸ਼ੇ ਵਿਰੁੱਧ’ ਨੁੱਕੜ ਨਾਟਕ ਪੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਪ੍ਰੋ. ਪ੍ਰਭਕਿਰਨ ਕੌਰ ਦੀ ਅਗਵਾਈ ਹੇਠ ‘ਜਲ ਹੀ ਜੀਵਨ ਹੈ’ ਦੇ ਸੰਦੇਸ਼ ਨਾਲ ਪਾਣੀ ਸੰਭਾਲ ਰੈਲੀ ਕੱਢੀ ਗਈ, ਜਿਸ ਦੌਰਾਨ ਵਲੰਟੀਅਰਾਂ ਨੇ ਵਾਤਾਵਰਣ ਸੁਰੱਖਿਆ ਸਬੰਧੀ ਨਾਅਰੇ ਲਗਾਏ। ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਜੋਤ ਕੌਰ ਅਤੇ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਐੱਨਐੱਸਐੱਸ ਕੈਂਪ ਵਿੱਚ ਡਾ. ਦੀਪਿਕਾ ਥਾਲੀਆ ਅਤੇ ਪ੍ਰੋ. ਨੇਹਾ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।