ਸੂਬਾ ਸਰਕਾਰ ਹਰ ਜਗਾ ਪੂਰੀ ਤਰਾਂ ਨਾਕਾਮ : ਗਿਲਜੀਆਂ
ਸੂਬਾ ਸਰਕਾਰ ਹਰ ਜਗਾ ਪੂਰੀ ਤਰਾਂ ਨਾਕਾਮ: ਗਿਲਜੀਆਂ
Publish Date: Thu, 26 Feb 2026 07:54 PM (IST)
Updated Date: Fri, 27 Feb 2026 04:10 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਜਗ੍ਹਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਸੂਬੇ ਦੀ ਮੌਜੂਦਾ ਕਾਨੂੰਨ-ਵਿਵਸਥਾ ਬਿਲਕੁਲ ਖ਼ਤਮ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕੀਤਾ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਵੀ ਉਨ੍ਹਾਂ ਨਾਲ ਹਾਜ਼ਰ ਸਨ। ਸਿਟੀ ਪ੍ਰਧਾਨ ਵਿਪਨ ਮਰਵਾਹਾ ਅਤੇ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ ਦੀ ਅਗਵਾਈ ਵਿਚ ਹੋਈ ਮੀਟਿੰਗ ਵਿੱਚ ਕੌਂਸਲਰ ਅਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਕਿਹਾ ਕਿ ਪੰਜਾਬ ਵਿਚ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ, ਗੋਲੀਬਾਰੀ ਦੀਆਂ ਘਟਨਾਵਾਂ, ਨਸ਼ੇ ਤਸਕਰੀ ਅਤੇ ਗੈਂਗਸਟਰ ਸਰਗਰਮੀਆਂ ਕਾਰਨ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਬਣ ਚੁੱਕੀ ਹੈ। ਉਨ੍ਹਾਂ ਪੰਜਾਬ ਵਿਚ ਦੋ ਪੁਲਸ ਕਮਰਚਾਰੀਆਂ ਦਾ ਗੋਲੀਆਂ ਮਾਰ ਕੇ ਕੀਤੇ ਕਤਲ ਦੀ ਵਾਰਦਾਤ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਹੁਣ ਤਾ ਪੁਲਿਸ ਵੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਅਪਰਾਧਿਕ ਵਾਰਦਾਤਾਂ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਵਪਾਰੀ ਵਰਗ, ਕਿਸਾਨ ਅਤੇ ਆਮ ਲੋਕ ਚਿੰਤਿਤ ਹਨ। ਕਾਂਗਰਸ ਸਰਕਾਰ ਵੇਲੇ ਬਜ਼ਾਰ ਦੇਰ ਰਾਤ ਤੱਕ ਖੁੱਲੇ ਰਹਿੰਦੇ ਸਨ ਜਦਕਿ ਹੁਣ ਡਰ ਅਤੇ ਸਹਿਮ ਕਾਰਨ ਸ਼ਾਮ ਢਲਦੇ ਹੀ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਗਿਲਜੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸਿਰਫ ਕਾਗਜ਼ਾਂ ਤੱਕ ਸੀਮਿਤ ਰਹਿ ਗਏ ਹਨ। ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ, ਗੈਂਗਵਾਦ ਨੂੰ ਜੜੋਂ ਸਮੇਤ ਮੁਕਾਉਣ ਅਤੇ ਪ੍ਰਸ਼ਾਸਨਿਕ ਸੁਧਾਰ ਕਰਨ ਦੇ ਦਾਅਵੇ ਵੀ ਖੋਖਲੇ ਹੀ ਨਿਕਲੇ । ਸਰਕਾਰ ਪੰਜਾਬ ਦੇ ਹਾਲਾਤ ਸੁਧਾਰਨ ਦੇ ਬਜਾਏ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਵਿਰੋਧੀ ਧਿਰ ਦੇ ਆਗੂਆਂ ਨੂੰ ਬੇਵਜਾ ਤੰਗ ਕਰਨ ਦੇ ਨਾਲ ਨਾਲ ਨਵੇਂ ਨਵੇਂ ਜੁਮਲੇ ਛੱਡ ਰਹੀ ਹੈ ਜਦਕਿ ਉਨ੍ਹਾਂ ਨੂੰ ਹਕੀਕਤ ਵਿਚ ਪੰਜਾਬ ਦੀ ਭਲਾਈ ਲਈ ਸਰਕਾਰ ਕੋਲ ਕੋਈ ਵਧੀਆ ਪਲਾਨਿੰਗ ਨਹੀਂ ਹੈ। ਪੰਜਾਬ ਦੀ ਜਨਤਾ ਇਸ ਨਕਾਰਾ ਸਰਕਾਰ ਤੋਂ ਜਲਦ ਤੋਂ ਜਲਦ ਛੁਟਕਾਰਾ ਚਾਹੁੰਦੀ ਹੈ। ਇਸ ਮੌਕੇ ਜਗਦੀਸ਼ ਸੈਣੀ, ਜਸਵੰਤ ਸਿੰਘ, ਬਾਬੂ ਰੂਪ ਲਾਲ, ਨੰਬਰਦਾਰ ਜਗਜੀਵਨ ਜੱਗੀ, ਰਾਜੇਸ਼ ਲਾਡੀ, ਰਾਕੇਸ਼ ਬਿੱਟੂ, ਡਾ. ਬਲਦੇਵ ਰਾਜ, ਵਿਨੋਦ ਖੋਸਲਾ, ਦਵਿੰਦਰ ਬਿੱਲੂ, ਗੁਰਮੁਖ ਸਿੰਘ, ਜਸਵਿੰਦਰ ਕਾਕਾ, ਪੰਕਜ ਸਚਦੇਵਾ, ਕ੍ਰਿਸ਼ਨ ਬਿੱਟੂ, ਅਨਿਲ ਪਿੰਕਾ ਆਦਿ ਮੌਜੂਦ ਸਨ ।