ਵਧੀਕ ਡਿਪਟੀ ਕਮਿਸ਼ਨਰ (ਜ) ਰਾਹੀਂ ਸਰਕਾਰ ਨੂੰ ਮੰਗ-ਪੱਤਰ ਭੇਜਿਆ
ਕੌਮੀਂ ਮੰਗ ਦਿਵਸ ਮੌਕੇ ਪੀ.ਐੱਸ.ਐੱਸ.ਐੱਫ. ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ
Publish Date: Thu, 26 Feb 2026 07:53 PM (IST)
Updated Date: Fri, 27 Feb 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦੇਸ਼ ਭਰ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵੱਲੋਂ ਪਿਛਲੇ ਮਹੀਨੇ ਸ਼ਿਰੜੀ (ਮਹਾਂਰਾਸ਼ਟਰ) ਵਿੱਚ ਹੋਈ ਚਾਰ ਰੋਜ਼ਾ ਕੌਮੀਂ ਕਾਨਫਰੰਸ ਦੌਰਾਨ ਕੀਤੇ ਐਲਾਨ ਤਹਿਤ ਅੱਜ ਦੇਸ਼ ਪੱਧਰ ‘ਤੇ ਕੌਮੀਂ ਮੰਗ ਦਿਵਸ ਮਨਾਇਆ ਗਿਆ। ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਭੇਜੇ ਗਏ। ਇਸ ਸੰਘਰਸ਼ਕਾਰੀ ਕੜੀ ਤਹਿਤ ਕੌਮੀਂ ਜੱਥੇਬੰਦੀ ਨਾਲ ਸੰਬੰਧਤ ਪੰਜਾਬ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣੇ ਸਨ। ਹੁਸ਼ਿਆਰਪੁਰ ’ਚ ਪੀਐੱਸਐੱਸਐੱਫ ਇਕਾਈ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਡਾ. ਨਿਧੀ ਕੁਮੁਦ ਬੰਬਾਹ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸਮੂਹ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕੀਤਾ ਜਾਵੇ, ਸਾਲ 2004 ਤੋਂ ਭਰਤੀ ਹੋਏ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮੰਹਿਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਯਕਮੁਸ਼ਤ ਜਾਰੀ ਕੀਤੀਆਂ ਜਾਣ, ਮਿਡ-ਡੇ-ਮੀਲ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਕੌਮੀਂ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਕੌਮੀਂ ਮੰਗ ਦਿਵਸ ਮਨਾਉਣ ਦਾ ਮਕਸਦ ਦੇਸ਼ ਭਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਉਭਾਰਨਾ ਅਤੇ ਅਗਲੇ ਸੰਘਰਸ਼ ਲਈ ਮੰਚ ਤਿਆਰ ਕਰਨਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ’ਚ ਉਲੀਕੇ ਗਏ ਚਾਰ ਰੋਜ਼ਾ ਸੰਘਰਸ਼ ਦੇ ਤਹਿਤ 8 ਮਾਰਚ ਨੂੰ ਹੋਣ ਵਾਲੀ ਰੈਲੀ ਵਿੱਚ ਪੀ.ਐੱਸ.ਐੱਸ.ਐੱਫ. ਵੱਲੋਂ ਭਰਪੂਰ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜੀਟੀਯੂ ਦੇ ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ, ਜਲ ਸਰੋਤ ਵਿਭਾਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਹੀਰ, ਪੀਐੱਸਐੱਸਐੱਫ ਤਹਿਸੀਲ ਹੁਸ਼ਿਆਰਪੁਰ ਦੇ ਪ੍ਰਧਾਨ ਰਾਜ ਕੁਮਾਰ, ਜੰਗਲਾਤ ਵਿਭਾਗ ਦੇ ਆਗੂ ਗੁਰਬਚਨ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਨਵਜੋਤ ਸਿੰਘ ਅਤੇ ਸ਼ਿਵ ਕੁਮਾਰ ਸਮੇਤ ਹੋਰ ਆਗੂ ਹਾਜ਼ਰ ਸਨ।